ਜਗਤਾਰ ਸਿੰਘ ਨਹਿਲ
ਲੌਂਗੋਵਾਲ , 10 ਸਤੰਬਰ
ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ-2020 ਦੇ ਖ਼ਿਲਾਫ਼ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ 14 ਸਤੰਬਰ ਨੂੰ ਬਰਨਾਲੇ ਹੋ ਰਹੀ ‘ਵੰਗਾਰ ਰੈਲੀ’ ਦੀ ਤਿਆਰੀ ਸਬੰਧੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡਾਂ ਅੰਦਰ ਲਾਮਬੰਦੀ ਜਾਰੀ ਹੈ। ਅੱਜ ਪਿੰਡ ਲੋਹਾਖੇੜਾ, ਕੋਠੇ ਦੁੱਲਟ ਅਤੇ ਪਿੰਡੀ ਅਮਰ ਸਿੰਘ ਵਾਲੀ ਵਿੱਚ ਰੈਲੀਆਂ ਕਰ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ। ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ, ਜ਼ਿਲ੍ਹਾ ਆਗੂ ਸੁਰਿੰਦਰ ਸਿੰਘ ਛਿੰਦਾ, ਯੂਨੀਅਨ ਦੇ ਬਲਾਕ ਆਗੂ ਬਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਲਿਆ ਕੇ ਸਮੁੱਚੇ ਖੇਤੀ ਖੇਤਰ ਨੂੰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਤੇ ਮੰਡੀਕਰਨ ਦਾ ਸਾਰਾ ਢਾਂਚਾ ਵੀ ਬਹੁ ਕੌਮੀ ਕੰਪਨੀਆਂ ਦੇ ਹਵਾਲੇ ਕਰਨ ਦੇ ਰਾਹ ਪਈ ਹੈ। ਅਸੀਂ ਆਪਣੇ ਅਧਿਕਾਰਾਂ ਤੇ ਕੇਂਦਰ ਨੂੰ ਡਾਕਾ ਨਹੀਂ ਮਾਰਨ ਦੇਵਾਂਗੇ।
ਕਿਸਾਨ ਆਗੂਆਂ ਨੇ ਅਕਾਲੀ, ਭਾਜਪਾ, ਕਾਂਗਰਸ ਸਮੇਤ ਰਾਜ ਕਰਦੀਆਂ ਜਮਾਤਾਂ ਵੱਲੋਂ ਕੇਂਦਰ ਸਰਕਾਰ ਦੇ ਇਸ ਪੰਜਾਬ ਵਿਰੋਧੀ ਫ਼ੈਸਲੇ ਤੇ ਘੇਸਲ ਵੱਟਣ ਦੀ ਵੀ ਨਿਖੇਧੀ ਕਰਦਿਆਂ ਲੋਕਾਂ ਨੂੰ ਇਨ੍ਹਾਂ ਲੁਟੇਰੀਆਂ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਮੋਦੀ ਸਰਕਾਰ ਦਾ ਪਾਰਲੀਮੈਂਟ ਦੇ ਸੈਸ਼ਨ ਮੌਕੇ 14 ਸਤੰਬਰ ਨੂੰ ਇਨ੍ਹਾਂ ਰੈਲੀਆਂ ਵਿੱਚ ਜਾ ਕੇ ਜ਼ੋਰ ਸ਼ੋਰ ਨਾਲ ਵਿਰੋਧ ਕਰਨ ਦਾ ਸੱਦਾ ਦਿੱਤਾ। ਪਿੰਡਾਂ ’ਚ ਕੀਤੀਆਂ ਰੈਲੀਆਂ ਨੂੰ ਕਿਸਾਨ ਯੂਨੀਅਨ ਦੇ ਆਗੂ ਰਾਜਾ ਸਿੰਘ ਜੈਦ, ਮੰਗਾ ਸਿੰਘ, ਰਵਿੰਦਰ ਸਿੰਘ ਤਕੀਪੁਰ, ਅੰਮ੍ਰਿਤਪਾਲ ਸਿੰਘ ਬੱਬੀ ਨੇ ਸੰਬੋਧਨ ਕੀਤਾ।