ਨਿਜੀ ਪੱਤਰ ਪ੍ਰੇਰਕ
ਸੰਗਰੂਰ, 29 ਨਵੰਬਰ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਦਲਿਤ ਮਜ਼ਦੂਰਾਂ ਦੀ ਰੂੜੀਆਂ ਵਾਲੀ ਥਾਂ ਤੇ ਸਾਜ਼ਿਸ਼ ਤਹਿਤ ਪਾਰਕ ਬਣਾਉਣ ਖ਼ਿਲਾਫ਼ ਪਿੰਡ ਉਪਲੀ ਵਿੱਚ ਇੱਕ ਰੋਸ ਰੈਲੀ ਕੀਤੀ ਗਈ। ਰੈਲੀ ਦੌਰਾਨ ਇੱਕ ਮਤੇ ਤਹਿਤ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਚੱਲ ਰਹੇ ਘੋਲ ਤਹਿਤ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਦਿੱਲੀ ਚੱਲੋ ਦੇ ਪ੍ਰੋਗਰਾਮ ਦੇ ਰਾਹ ਵਿੱਚ ਪਾਈਆਂ ਰੁਕਾਵਟਾਂ ਤੇ ਕਿਸਾਨਾਂ ਤੇ ਦਰਜ ਕੀਤੇ ਝੂਠੇ ਕੇਸਾਂ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਵਿੱਤ ਸਕੱਤਰ ਬਿਮਲ ਕੌਰ, ਇਲਾਕਾ ਆਗੂ ਕਰਮਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਦਲਿਤ ਮਜ਼ਦੂਰ ਹਰ ਤਰ੍ਹਾਂ ਦੇ ਪੈਦਾਵਾਰੀ ਸਾਧਨਾਂ ਤੋਂ ਬਿਲਕੁਲ ਵਾਂਝੇ ਹਾਂ, ਸਾਡੇ ਕੋਲ ਰੂੜੀਆਂ ਸੁੱਟਣ ਲਈ ਵੀ ਜਿਹੜੀ ਮਾੜੀ ਮੋਟੀ ਥਾਂ ਮਿਲੀ ਹੋਈ ਹੈ, ਉਹ ਥਾਂ ਨੂੰ ਵੀ ਕਈ ਸਾਲਾਂ ਤੋਂ ਖੋਹਣ ਵਾਸਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਹਾਲਾਂਕਿ ਹਰ ਵਾਰ ਇਨ੍ਹਾਂ ਸਾਜ਼ਿਸ਼ਾਂ ਨੂੰ ਦਲਿਤ ਮਜ਼ਦੂਰਾਂ ਖ਼ਾਸ ਕਰਕੇ ਦਲਿਤ ਮਜ਼ਦੂਰ ਔਰਤਾਂ ਨੇ ਕਾਮਯਾਬ ਨਹੀਂ ਹੋਣ ਦਿੱਤਾ। ਪਰ ਹੁਣ ਫਿਰ ਦੁਬਾਰਾ ਉਸੇ ਥਾਂ ’ਤੇ ਪਾਰਕ ਬਣਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਰੈਲੀ ਦਰਮਿਆਨ ਦਲਿਤ ਮਜ਼ਦੂਰਾਂ ਖ਼ਾਸ ਕਰਕੇ ਦਲਿਤ ਮਜ਼ਦੂਰ ਔਰਤਾਂ ਨੇ ਕਿਹਾ ਕਿ ਜੇ ਇਹ ਜਗ੍ਹਾ ਉਨ੍ਹਾਂ ਤੋਂ ਖੋਹ ਲੈਂਦੇ ਹਨ ਤਾਂ ਫਿਰ ਰੂੜੀਆਂ ਆਪਾਂ ਕਿੱਥੇ ਸੁੱਟਾਂਗੇ? ਕਿਉਂਕਿ ਉਨ੍ਹਾਂ ਕੋਲ ਇਸ ਥਾਂ ਤੋਂ ਬਿਨਾਂ ਹੋਰ ਕੋਈ ਵੀ ਥਾਂ ਰੂੜੀਆਂ ਲਈ ਨਹੀਂ ਹੈ। ਇਸ ਲਈ ਇਸ ਜਗ੍ਹਾ ’ਤੇ ਕਿਸੇ ਵੀ ਕੀਮਤ ’ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਪੰਜਾਬ ਸਰਕਾਰ ਤੇ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਗੱਦੀ ’ਤੇ ਬੈਠਣ ਤੋਂ ਪਹਿਲਾਂ ਸਮੁੱਚੇ ਲੋਕਾਂ ਨਾਲ ਤੇ ਦਲਿਤ ਮਜ਼ਦੂਰ ਨਾਲ ਵੀ ਕਈ ਤਰ੍ਹਾਂ ਦੇ ਲੋਕ ਲੁਭਾਵਣੇ ਵਾਅਦੇ ਕੀਤੇ ਸਨ, ਜਿਸ ’ਚ ਪਲਾਟ, ਇਸ ਦੀ ਉਸਾਰੀ ਵਾਸਤੇ ਪ੍ਰਤੀ ਪਰਿਵਾਰ ਸਾਢੇ ਤਿੰਨ ਲੱਖ ਰੁਪਏ ਦੇਣ ਆਦਿ ਦੇਣ ਦੇ ਵਾਅਦੇ ਵੀ ਸ਼ਾਮਲ ਸਨ। ਯੂਨੀਅਨ ਆਗੂਆਂ ਨੇ ਮੋਦੀ ਹਕੂਮਤ ਖ਼ਿਲਾਫ਼ ਇੱਕਜੁੱਟ ਹੋਣ ਦਾ ਸੱਦਾ ਦਿੱਤਾ।