ਬੀਰਬਲ ਰਿਸ਼ੀ
ਸ਼ੇਰਪੁਰ, 24 ਸਤੰਬਰ
ਨਸ਼ਾ ਰੋਕੂ ਕਮੇਟੀ ਸ਼ੇਰਪੁਰ ਦੀ ਪ੍ਰੇਰਣਾ ਸਦਕਾ ਪਿੰਡ ਘਨੌਰੀ ਕਲਾਂ ਦੇ ਧੂਰੀ ਵਾਲੇ ਦਰਵਾਜ਼ਾ ਵਿੱਚ ਇੱਕ ਭਰਵੀਂ ਰੈਲੀ ਕਰਕੇ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੀ ਹਦੂਦ ਅੰਦਰ ਨਸ਼ਾ ਵੇਚਣ ਵਾਲਿਆਂ ਨੂੰ ਨਸ਼ੇ ਦੇ ਕਾਰੋਬਾਰ ਬੰਦ ਕਰਨ ਦੀ ਚਿਤਾਵਨੀ ਦਿੰਦਿਆਂ ਨਸ਼ਾ ਪੀੜਤ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਉਣ ਅਤੇ ਲੋੜੀਂਦੀ ਖੁਰਾਕ ਦੇਣ ਦਾ ਵੀ ਵਾਅਦਾ ਕੀਤਾ। ਦੂਜੇ ਪਾਸੇ ਰੈਲੀ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਐੱਸਐੱਚਓ ਸਦਰ ਧੂਰੀ ਕਰਮਜੀਤ ਸਿੰਘ ਨੇ ਨਸ਼ਿਆਂ ਵਿਰੁੱਧ ਉੱਠ ਰਹੇ ਨੌਜਵਾਨਾਂ ਨੂੰ ਹਰ ਜਾਇਜ਼ ਸਹਿਯੋਗ ਦੀ ਪੇਸ਼ਕਸ਼ ਕੀਤੀ।
ਇਸ ਮੌਕੇ ਨਸ਼ਾ ਰੋਕੂ ਕਮੇਟੀ ਦੇ ਕਨਵੀਨਰ ਬਲਵਿੰਦਰ ਸਿੰਘ ਬਿੰਦਾ ਖੇੜੀ ਨੇ ਜਨਤਕ ਇਕੱਠ ਨੂੰ ਸੰਬੋਧਨ ਦੌਰਾਨ ਕਿਹਾ ਕਿ ਸ਼ੇਰਪੁਰ ਕਸਬਾ ਚਿੱਟੇ ਦੇ ਨਸ਼ੇ ਨੂੰ ਲੈ ਕੇ ਚਰਚਾ ਵਿੱਚ ਆਇਆ ਸੀ ਪਰ ਹੁਣ ਨੌਜਵਾਨਾਂ ਨੇ ਪੁਲੀਸ ਦੇ ਸਹਿਯੋਗ ਨਾਲ ਲੰਮੀ ਲੜਾਈ ਲੜਕੇ ਸ਼ੇਰਪੁਰ ਇਲਾਕੇ ’ਚ ਨਸ਼ਿਆਂ ਨੂੰ ਕਾਫ਼ੀ ਠੱਲ ਪਾਈ ਹੈ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪਿੰਡ ਜਹਾਂਗੀਰ, ਰਾਜੋਮਾਜਰਾ, ਕਹੇਰੂ ਮਗਰੋਂ ਹੁਣ ਅਗਲੇ ਦੋ ਚਾਰ ਦਿਨਾਂ ’ਚ ਪੇਧਨੀ, ਪੁੰਨਾਵਾਲ ਅਤੇ ਕਾਂਝਲਾ ਆਦਿ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਮੋਟਰਸਾਈਕਲ ਮਾਰਚ ਕਰਨ ਦੀ ਤਜਵੀਜ਼ ਹੈ। ਘਨੌਰੀ ਕਲਾਂ ਵਿਖੇ ਵੱਖ-ਵੱਖ ਪੱਤੀਆਂ ’ਚੋਂ ਪੰਜ-ਪੰਜ ਨੌਜਵਾਨਾਂ ਨੇ ਨਸ਼ਿਆਂ ਵਿਰੁੱਧ ਉੱਠੀ ਲਹਿਰ ਵਿੱਚ ਸਵੈ-ਇੱਛਾ ਨਾਲ ਹਰ ਸਮੇਂ ਤਿਆਰ-ਬਰ-ਤਿਆਰ ਰਹਿਣ ਦਾ ਅਹਿਦ ਲਿਆ।