ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਫਸਲਾਂ ਦੀ ਐੱਮਐੱਸਪੀ ਲੈਣ ਅਤੇ ਹੜ੍ਹ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ੇ ਦੀ ਮੰਗ ਲਈ ਨੇੜਲੇ ਵਿਚ ਛਾਜਲੀ ਵਿੱਚ ਰੈਲੀ ਕੀਤੀ ਗਈ। ਰੈਲੀ ਵਿੱਚ ਬੁਲਾਰਿਆਂ ਨੇ ਕਿਸਾਨਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਫਸਲਾਂ ’ਤੇ ਐੱਮਐੱਸਪੀ ਅਤੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਸੰਘਰਸ਼ ਤੋਂ ਬਿਨਾਂ ਮਿਲਣਾ ਅਸੰਭਵ ਹੈ। ਜਥੇਬੰਦੀ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਜਸਵੀਰ ਸਿੰਘ ਮੈਦੇਵਾਸ ਅਤੇ ਸੰਤ ਰਾਮ ਛਾਜਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਪੰਜਾਬ ਨਾਲ ਮਤਰੇਆ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨੂੰ ਆਪਣੀ ਫਸਲ ਦਾ ਬਣਦਾ ਮੁੱਲ ਲੈਣ ਲਈ ਸੰਘਰਸ਼ ਤਾਂ ਕਰਨਾ ਪੈ ਹੀ ਰਿਹਾ ਹੈ ਸਗੋਂ ਹੜ੍ਹਾਂ ਦੀ ਮਾਰ ਵਿੱਚ ਆਈ ਫਸਲ ਦਾ ਮੁਆਵਜ਼ਾ ਲੈਣ ਲਈ ਵੀ ਸਰਕਾਰਾਂ ਦੀਆਂ ਲੇਲ੍ਹੜੀਆਂ ਕੱਢਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਤਕੜੇ ਰੂਪ ਵਿੱਚ ਜਥੇਬੰਦਕ ਹੋ ਕੇ ਸੰਘਰਸ਼ ਆਰੰਭਣਾ ਪਵੇਗਾ।
ਰੈਲੀ ਦੌਰਾਨ ਸੋਨੀ ਲੌਗੋਂਵਾਲ, ਗੁਰਸੇਵਕ ਛਾਜਲੀ, ਗੋਗਲ ਪੰਡਤ ਛਾਜਲੀ, ਭੋਲਾ ਛਾਜਲੀ, ਦਰਸਨ ਛਾਜਲੀ, ਹਾਕਮ ਛਾਜਲੀ ਸਮੇਤ ਹੋਰ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।