ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 21 ਸਤੰਬਰ
ਪਾਵਰਕੌਮ ਸੀਐੱਚਬੀ ਤੇ ਡਬਲਿਊ ਠੇਕਾ ਕਾਮਿਆਂ ਨੇ ਨਿਗਰਾਨ ਇੰਜਨੀਅਰ ਤੇ ਸਹਾਇਕ ਕਿਰਤ ਕਮਿਸ਼ਨਰ ਦਫ਼ਤਰ ਅੱਗੇ ਰੋਸ ਰੈਲੀ ਕਰਕੇ ਅਧਿਕਾਰੀਆਂ ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਇਸ ਮੌਕੇ ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਤੇ ਸਕੱਤਰ ਚਰਮਜੀਤ ਸਿੰਘ ਨੇ ਕਿਹਾ ਕਿ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਹਾਦਸੇ ਵਾਪਰ ਰਹੇ ਹਨ। ਆਏ ਦਿਨ ਕੋਈ ਨਾ ਕੋਈ ਸੀਐੱਚਬੀ ਤੇ ਡਬਲਿਊ ਠੇਕਾ ਕਾਮਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਵਿੱਚ ਜਾਂ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਕਾਮਿਆਂ ਤੋਂ ਬਿਨਾਂ ਕਿਸੇ ਸਿਖਲਾਈ ਤੇ ਬਗ਼ੈਰ ਸੇਫਟੀ ਕਿੱਟਾਂ ਤੋਂ ਹਜ਼ਾਰ ਵੋਲਟੇਜ਼ ਲਾਈਨਾਂ ’ਤੇ ਕੰਮ ਲਿਆ ਜਾ ਰਿਹਾ ਹੈ। ਦੁਰਘਟਨਾ ਵਾਪਰਨ ਦੀ ਸੂਰਤ ’ਚ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਵਰਕ ਆਰਡਰ ਦੀਆਂ ਸ਼ਰਤਾਂ ਮੁਤਾਬਕ ਮੁਆਵਜ਼ਾ, ਗਰੈਚੁਟੀ, ਲੇਬਰ ਵੈੱਲਫ਼ੇਅਰ ਤੋਂ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਠੇਕਾ ਕੰਪਨੀਆਂ ਵੱਲੋਂ ਆਊਟ ਸੋਰਸਿੰਗ ’ਤੇ ਭਰਤੀ ਕਰਕੇ ਸੀਐੱਚਬੀ ਤੇ ਡਬਲਿਊ ਠੇਕਾ ਕਾਮਿਆਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਤੋਂ ਪਹਿਲਾਂ ਉਨ੍ਹਾਂ ਅਸਾਮੀਆਂ ’ਤੇ ਕੰਮ ਕਰ ਰਹੇ ਠੇਕਾ ਕਾਮਿਆਂ ਨੂੰ ਰੈਗੂਲਰ ਕਰੇ ਤੇ ਹੋਰ ਮੰਗਾਂ ਮੰਨੀਆਂ ਜਾਣ।