ਨਿੱਜੀ ਪੱਤਰ ਪ੍ਰੇਰਕ
ਸੰਗਰੂਰ 20 ਜੂਨ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸੂਬਾ ਜਥੇਬੰਦਕ ਕਮੇਟੀ ਦੇ ਸੱਦੇ ’ਤੇ ਵਿਦਿਆਰਥੀ ਮੰਗਾਂ ਸਬੰਧੀ ਰੈਲੀ ਕੀਤੀ ਗਈ। ਰੈਲੀ ਮਗਰੋਂ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਭਾਜਪਾ ਚੋਣ ਦਫ਼ਤਰ ਵੱਲ ਜਾਣ ਤੋਂ ਰੋਕਣ ’ਤੇ ਸ਼ਹਿਰ ਦੇ ਵਿਜੈ ਚੌਕ ਵਿੱਚ ਧਰਨਾ ਦਿੱਤਾ ਗਿਆ।
ਸੂਬਾ ਜਥੇਬੰਦਕ ਸਕੱਤਰ ਹੁਸ਼ਿਆਰ ਸਿੰਘ ਸਲੇਮਗੜ੍ਹ, ਵਿਦਿਆਰਥੀ ਆਗੂਆਂ ਬਲਵਿੰਦਰ ਸਿੰਘ ਸੋਨੀ, ਕੋਮਲ ਖਨੌਰੀ, ਅਮਿਤੋਜ ਮੌੜ ਤੇ ਸੁਨੀਲ ਚੂੜਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਨੂੰ ਮੁੱਖ ਰੱਖਦਿਆਂ ਇਹ ਰੈਲੀ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੇ ਸੰਘਰਸ਼ ਸਦਕਾ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਟਵੀਟ ਵੀ ਕਰਨਾ ਪਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਵੀ ਲਿਖਣੀ ਪਈ ਹੈ ਪਰ ਇਸ ਚਿੱਠੀ ਵਿੱਚ ਪੰਜਾਬ ਯੂਨੀਵਰਸਿਟੀ ’ਤੇ ਪੰਜਾਬ ਦੇ ਪੂਰਨ ਅਧਿਕਾਰ ਦੀ ਗੱਲ ਨਹੀਂ ਕੀਤੀ ਗਈ ਅਤੇ ਇਸ ਨੂੰ ਇੰਟਰ ਸਟੇਟ ਯੂਨੀਵਰਸਿਟੀ ਦੇ ਸਟੇਟਸ ਨੂੰ ਕਾਇਮ ਰੱਖਣ ਦੀ ਗੱਲ ਕੀਤੀ ਹੈ। ਇਹ ਚਿੱਠੀ ਸਿਰਫ ਵਿਦਿਆਰਥੀ ਰੋਹ ਤੋਂ ਬਚਣ ਦਾ ਹੀਲਾ ਹੈ।
ਰੈਲੀ ਦੌਰਾਨ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਪੰਜਾਬ ਵਿਧਾਨ ਸਭਾ ’ਚ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਉੱਪਰ ਬਿਆਨ ਦੇਵੇ, ਕੇਂਦਰੀ ਹਕੂਮਤ ਦੇ ਹੱਥਾਂ ਵਿੱਚ ਜਾਣ ਤੋਂ ਰੋਕਣ ਲਈ ਲੋੜੀਂਦੀ ਕਾਰਵਾਈ ਦਾ ਭਰੋਸਾ ਦੇਵੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਤ ਪੰਜਾਬ ਦੇ ਸਭਨਾਂ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਬਣਦੀਆਂ ਵਿੱਤੀ ਜ਼ਿੰਮੇਵਾਰੀਆਂ ਪੰਜਾਬ ਸਰਕਾਰ ਚੁੱਕੇ, ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿੱਖਿਆ ਦੇ ਬਜਟ ’ਚ ਵਾਧਾ ਕੀਤਾ ਜਾਵੇ ਅਤੇ ਪੰਜਾਬ ਵਿਧਾਨ ਸਭਾ ‘ਚ ਮਤਾ ਪਾ ਕੇ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕੀਤਾ ਜਾਵੇ।
ਇਸ ਮੌਕੇ ਟੀਡੀਪੀ ਕਾਲਜ ਰਾਮਪੁਰਾ ਫੂਲ ਤੋਂ ਬਲਜਿੰਦਰ ਕੌਰ, ਰਣਬੀਰ ਕਾਲਜ ਸੰਗਰੂਰ ਤੋਂ ਅਮਨਦੀਪ ਕੌਰ, ਯੂਨੀਵਰਸਿਟੀ ਕਾਲਜ ਘੁੱਦਾ ਤੋਂ ਬਿੰਦਰ, ਯੂਨੀਵਰਸਿਟੀ ਕਾਲਜ ਮੂਨਕ ਤੋਂ ਹੈਪੀ ਸਾਧਨਵਾਸ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਰਮਨ ਕਾਲਾਝਾੜ ਨੇ ਨਿਭਾਈ। ਪੂਜਾ ਅਤੇ ਬਲਕਾਰ ਸਿੰਘ ਨੇ ਕੀਤਾ।