ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 9 ਫਰਵਰੀ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ‘ਵੋਟਾਂ ਦੇ ਬਾਈਕਾਟ ਦੇ ਜਮਹੂਰੀ ਹੱਕ ਨੂੰ ਬੁਲੰਦ ਕਰੋ’ ਸਬੰਧੀ ਪਿੰਡਾਂ ਵਿੱਚ ਮੀਟਿੰਗਾਂ/ਰੈਲੀਆਂ ਦੇ ਚਲਾਏ ਜਾ ਰਹੇ ਸਿਲਸਿਲੇ ਤਹਿਤ ਪਿੰਡ ਚੰਗਾਲ ਵਿੱਚ ਰੈਲੀ ਕੀਤੀ ਗਈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਜ਼ਿਲ੍ਹਾ ਸਕੱਤਰ ਬਿਮਲ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਜਟ ਨੂੰ ਮਜ਼ਦੂਰ ਵਿਰੋਧੀ ਹੋਣ ਦੇ ਨਾਲ-ਨਾਲ ਸਮੁੱਚੀ ਲੁਕਾਈ ਵਿਰੋਧੀ ਕਰਾਰ ਦਿੱਤਾ। ਚੋਣਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਚੋਣ ਪ੍ਰਣਾਲੀ ਰਾਹੀਂ ਲੋਕਾਂ ਦੀ ਮੁਕਤੀ ਨਹੀਂ ਹੋ ਸਕਦੀ, ਇਹ ਰਾਜ ਪ੍ਰਬੰਧ ਲੁਟੇਰੀ ਜਮਾਤ ਦੇ ਹਿੱਤਾਂ ਚ ਭੁਗਤਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਸਾਡੇ ਲੋਕਾਂ ਨੂੰ ਜੋ ਵੀ ਮਿਲਿਆ, ਉਹ ਏਕੇ ਅਤੇ ਸੰਘਰਸ਼ ਕਰਕੇ ਮਿਲਿਆ ਹੈ। ਉਨ੍ਹਾਂ ਵੋਟਾਂ ਤੋਂ ਝਾਕ ਛੱਡਦੇ ਹੋਏ ਏਕੇ ਅਤੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਦੇ ਹੋਏ ਬਰਾਬਰਤਾ ਦਾ ਸਮਾਜ ਸਿਰਜਣ ਲਈ ਵੋਟਾਂ ਦਾ ਬਾਈਕਾਟ ਕਰਦੇ ਹੋਏ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ।