ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 20 ਸਤੰਬਰ
ਪਿੰਡ ਚੰਗਾਲ ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ 15-16 ਅਕਤੂਬਰ ਨੂੰ ਕੀਤੇ ਜਾ ਰਹੇ ਸੂਬਾਈ ਇਜਲਾਸ ਦੀ ਤਿਆਰੀ ਮੁਹਿੰਮ ਤਹਿਤ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ (ਪੰਜਾਬ) ਦੀ ਜਿਲ੍ਹਾ ਸਕੱਤਰ ਬਿਮਲ ਕੌਰ, ਪਿੰਡ ਪ੍ਰਧਾਨ ਸ਼ਿੰਦਰ ਪਾਲ ਕੌਰ, ਸਕੱਤਰ ਚਰਨਜੀਤ ਕੌਰ ਅਤੇ ਰਣਧੀਰ ਕੌਰ ਨੇ ਕਿਹਾ ਕਿ ਸੂਬਾਈ ਡੈਲੀਗੇਟ ਅਜਲਾਸ ਵਿਚ ਵਿਧਾਨ-ਐਲਾਨਨਾਮਾ, ਰਿਪੋਰਟਿੰਗ ਅਤੇ ਰਿਵੀਊ, ਵਿੱਤੀ ਰਿਪੋਰਟ, ਨਵੀਂ ਸੂਬਾ ਕਮੇਟੀ ਦੀ ਚੋਣ ਅਤੇ ਰਾਜਨੀਤਕ ਮਤੇ ਪਾਸ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਪੂਰੇ ਜਮਹੂਰੀ ਤਰੀਕੇ ਦੇ ਨਾਲ ਵੱਖ-ਵੱਖ ਪਿੰਡਾਂ, ਜਿਲ੍ਹਿਆਂ ਤੋਂ ਆਏ ਡੈਲੀਗੇਟ ਰਾਹੀਂ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਬਹੁਤ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਵਾਅਦੇ ਯਾਦ ਕਰਾਉਣ ਲਈ ਸੰਘਰਸ਼ ਵਿੱਢਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਵਾਲੀ ਕਲੋਨੀ ਅੱਗੇ ਕੰਡਿਆਲੀ ਤਾਰ ਅਤੇ ਦਫਾ 144 ਲਗਾ ਕੇ ਜਮਹੂਰੀਅਤ ਦਾ ਘਾਣ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਮੁੱਖ ਮੰਤਰੀ ਦੇ ਨਿਵਾਸ ਵਾਲੀ ਕਲੋਨੀ ਅੱਗੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਜਬਰੀ ਚੁੱਕ ਕੇ ਦੂਰ-ਦੁਰਾਡੇ ਛੱਡ ਦਿੱਤਾ ਗਿਆ ਸੀ ਅਤੇ ਟੈਂਟ ਆਦਿ ਸਾਮਾਨ ਜ਼ਬਤ ਕਰ ਲਿਆ ਗਿਆ ਸੀ। ਇਸ ਜਮਹੂਰੀਅਤ ਦੇ ਘਾਣ ਨੂੰ ਲੋਕ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਦਾ ਮੂੰਹ ਤੋੜ ਜਵਾਬ ਦੇਣਗੇ।