ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਜੁਲਾਈ
8736 ਕੱਚੇ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਨੇੜਲੇ ਪਿੰਡ ਖੁਰਾਣਾ ਵਿੱਚ ਪਿਛਲੇ 22 ਦਿਨਾਂ ਤੋਂ ਟੈਂਕੀ ਉੱਪਰ ਅਤੇ ਹੇਠਾਂ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਵੱਲੋਂ ਚਾਰ ਦਿਨ ਪਹਿਲਾਂ ਪੁਲੀਸ ਵਲੋਂ ਕੀਤੇ ਲਾਠੀਚਾਰਜ ਦੇ ਵਿਰੋਧ ’ਚ ਸੂਬੇ ਭਰ ’ਚ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਪੁਤਲੇ ਫ਼ੂਕਣ ਦੇ ਉਲੀਕੇ ਪ੍ਰੋਗਰਾਮ ਤਹਿਤ ਅੱਜ ਡੀਸੀ ਦਫ਼ਤਰ ਅੱਗੇ ਮੁੱਖ ਮੰਤਰੀ ਦਾ ਪੁਤਲਾ ਫ਼ੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਅਧਿਆਪਕ ਅੱਜ ਬਾਅਦ ਦੁਪਹਿਰ ਬੱਸ ਸਟੈਂਡ ਨਜ਼ਦੀਕ ਮੰਦਰ ਦੇ ਪਾਰਕ ਵਿੱਚ ਇਕੱਠੇ ਹੋਏ। ਇੱਥੋਂ ਮੁੱਖ ਮੰਤਰੀ ਦਾ ਪੁਤਲਾ ਚੁੱਕ ਕੇ ਰੋਸ ਮਾਰਚ ਕੀਤਾ ਗਿਆ ਤੇ ਡੀਸੀ ਦਫ਼ਤਰ ਅੱਗੇ ਪੁੱਜ ਕੇ ਪੁਤਲਾ ਫ਼ੂਕਦਿਆਂ ਮੁਜ਼ਾਹਰਾ ਕੀਤਾ। ਇਸ ਮੌਕੇ ਯੂਨੀਅਨ ਦੇ ਆਗੂ ਗੁਰਿੰਦਰ ਸੋਹੀ, ਨਿਰਮਲ ਕਲੌਦੀ, ਵਿਕਾਸ ਵਡੇਰਾ, ਅਜੀਤ ਪਾਲ, ਮਲਕੀਤ ਸਿੰਘ ਔਲਖ ਅਤੇ ਰੇਸ਼ਮ ਸਿੰਘ ਨੇ ਪੁਲੀਸ ਲਾਠੀਚਾਰਜ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲੀ ਜੁਲਾਈ ਨੂੰ ਸ਼ਾਂਤਮਈ ਰੋਸ ਮਾਰਚ ਕਰਦੇ ਕੱਚੇ ਅਧਿਆਪਕਾਂ ਉੱਪਰ ਪੁਲੀਸ ਵਲੋਂ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਤੇ ਪੱਗਾਂ ਤੇ ਚੁੰਨੀਆਂ ਰੋਲੀਆਂ ਗਈਆਂ। ਉਨ੍ਹਾਂ ਕਿਹਾ ਕਿ ਸਰਕਾਰ ਪੁਲੀਸ ਜਬਰ ਨਾਲ ਕੱਚੇ ਅਧਿਆਪਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਸੀ ਪਰ ਅਧਿਆਪਕਾਂ ਦੇ ਹੌਂਸਲੇ ਬੁਲੰਦ ਹਨ ਅਤੇ ਸੰਘਰਸ਼ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 22 ਦਿਨਾਂ ਤੋਂ ਇੰਦਰਜੀਤ ਸਿੰਘ ਮਾਨਸਾ ਪਿੰਡ ਖੁਰਾਣਾ ਦੀ ਕਰੀਬ ਸੌ ਫੁੱਟ ਉੱਚੀ ਟੈਂਕੀ ’ਤੇ ਚੜ੍ਹਿਆ ਹੋਇਆ ਹੈ ਜਦੋਂ ਕਿ ਹੇਠਾਂ ਪੱਕਾ ਮੋਰਚਾ ਜਾਰੀ ਹੈ ਪਰ ਸਰਕਾਰ ਨੂੰ ਧਰਨਾਕਾਰੀਆਂ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਜਬਰ ਦੇ ਖ਼ਿਲਾਫ਼ ਅੱਜ ਪੰਜਾਬ ਭਰ ਦੇ ਸਾਰੇ ਜ਼ਿਲ੍ਹਾ ਹੈਡਕੁਆਟਰਾਂ ’ਤੇ ਮੁੱਖ ਮੰਤਰੀ ਦੇ ਪੁਤਲੇ ਫ਼ੂਕਦਿਆਂ ਰੋਸ ਮੁਜ਼ਾਹਰੇ ਕੀਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਕੱਚੇ ਅਧਿਆਪਕਾਂ ਨੂੰ ਤਨਖਾਹ ਸਕੇਲਾਂ ਸਮੇਤ ਸਾਰੇ ਸਰਕਾਰੀ ਲਾਭ ਅਤੇ ਭੱਤੇ ਦੇ ਕੇ ਰੈਗੂਲਰ ਕੀਤਾ ਜਾਵੇ।
ਇਸ ਮੌਕੇ ਸਮੂਹ ਭਰਾਤਰੀ ਤੇ ਕਿਸਾਨ ਜਥੇਬੰਦੀਆਂ ਵੱਲੋਂ 8736 ਕੱਚੇ ਅਧਿਆਪਕਾਂ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਆਗੂ ਜੁਝਾਰ ਸਿੰਘ ਲੌਂਗੋਵਾਲ, ਡੀਟੀਐਫ਼ ਆਗੂ ਪਵਨ ਕੁਮਾਰ, ਜਸਵੀਰ ਨਮੋਲ, ਜਗਜੀਤ ਸਿੰਘ ਐਸਸੀਬੀਸੀ ਅਧਿਆਪਕ ਯੂਨੀਅਨ, ਪੀਐਸਯੂ ਦੇ ਸੁਖਦੀਪ ਸਿੰਘ, ਮਨਪ੍ਰੀਤ ਕੌਰ, ਤਰਸੇਮ ਸਿੰਘ, ਬਲਜਿੰਦਰ ਸ਼ੇਰਪੁਰ, ਮਨਪ੍ਰੀਤ ਕੌਰ, ਸਰਬਜੀਤ ਕੌਰ, ਗਗਨਦੀਪ ਕੌਰ ਲੱਡਾ, ਮਨਜਿੰਦਰ ਕੌਰ, ਦਮਨ ਸੁਨਾਮ, ਅੰਮ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ ਮਾਲੇਰਕੋਟਲਾ, ਗੁਰਲਾਲ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਜਗਰਾਜ ਸਿੰਘ, ਹਰਿੰਦਰ ਕੌਰ ਮਾਲੇਰਕੋਟਲਾ ਆਦਿ ਮੌਜੂਦ ਸਨ।