ਪੱਤਰ ਪ੍ਰੇਰਕ
ਸੰਗਰੂਰ, 4 ਜਨਵਰੀ
ਇਥੇ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਹਿਤਕ ਸਮਾਗਮ ਦੌਰਾਨ ਨੈਸ਼ਨਲ ਐਵਾਰਡੀ ਸਤਦੇਵ ਸ਼ਰਮਾਂ ਦੀ ਸਵੈ-ਜੀਵਨੀ ‘ਜਜ਼ਬਾਤਾਂ ਦੀ ਵੇਦਨੀ’ ਰਿਲੀਜ਼ ਕੀਤੀ ਗਈ। ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਮਲਕੀਤ ਸਿੰਘ ਖੱਟੜਾ, ਡਾ. ਚਰਨਜੀਤ ਸਿੰਘ ਉਡਾਰੀ, ਪ੍ਰਿੰ. ਸੁਖਬੀਰ ਸਿੰਘ, ਹਰਦੇਵ ਸਿੰਘ ਜਵੰਧਾ ਅਤੇ ਕ੍ਰਿਸ਼ਨ ਬੇਤਾਬ ਦੋਵੇਂ ਨੈਸ਼ਨਲ ਐਵਾਰਡੀ, ਸਾਬਕਾ ਡੀਈਓ ਗੁਰਤੇਜ਼ ਸਿੰਘ ਗਰੇਵਾਲ ਅਤੇ ਨੈਸ਼ਨਲ ਐਵਾਰਡੀ ਬਰਜਿੰਦਰਪਾਲ ਸਿੰਘ ਦੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ।
ਮੰਚ ਸੰਚਾਲਨ ਓ.ਪੀ.ਅਰੋੜਾ ਨੇ ਕਿਹਾ ਕਿ ਇਹ ਸਤਦੇਵ ਸ਼ਰਮਾ ਦੀ ਪਲੇਠੀ ਰਚਨਾ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਸੰਘਰਸ਼ਮਈ ਜੀਵਨ ਦੀ ਕਹਾਣੀ ਨੂੰ ਬੜੇ ਹੀ ਰੋਚਨ ਢੰਗ ਨਾਲ ਬਿਆਨ ਕੀਤਾ ਹੈ। ਇਸ ਮੌਕੇ ਸ੍ਰੀ ਸ਼ਰਮਾ ਨੇ ਪੁਸਤਕ ਵਿੱਚ ਸਵੈ-ਜੀਵਨੀ ਦਸਦੇ ਹੋਏ ਸੰਖੇਪ ਚਾਨਣਾ ਪਾਇਆ। ਡਾ. ਉਡਾਰੀ ਨੇ ਕਿਹਾ ਕਿ ਪੰਜਾਬੀਆਂ ਵਿੱਚ ਘਰੇਲੂ ਲਾਇਬ੍ਰੇਰੀ ਬਣਾਉਣ ਦੀ ਰੁਚੀ ਉਤਸ਼ਾਹਿਤ ਕਰਨੀ ਚਾਹੀਦੀ ਹੈ ਤਾਂ ਜੋ ਚੰਗਾ ਤੇ ਮਿਆਰੀ ਸਾਹਿਤ ਪੰਜਾਬੀ ਵਿਚ ਵੀ ਰਚਿਆ ਜਾ ਸਕੇ, ਜਿਸ ਵਿਚ ਸ੍ਰੀ ਸ਼ਰਮਾ ਵੀ ਯੋਗਦਾਨ ਪਾ ਰਹੇ ਹਨ।