ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 15 ਦਸੰਬਰ
ਪੰਜਾਬੀ ਲੇਖਕ ਇਕਬਾਲ ਪਾਲੀ ਫਲੌਂਡ ਕਲਾਂ ਦੀਆਂ ਹੁਣੇ ਪ੍ਰਕਾਸ਼ਿਤ ਹੋਈਆਂ ਦੋ ਬਾਲ ਪੁਸਤਕਾਂ ਪੰਛੀਆਂ ਦੀ ‘ਅਜੀਬੋ ਗਰੀਬ ਦੁਨੀਆਂ ‘ ਅਤੇ ਰੌਚਕ ਤੱਥ ਤੇ ਜਾਣਕਾਰੀ” ਇੱਕ ਸਾਦੇ ਸਮਾਗਮ ’ਚ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਨੇ ਲੋਕ ਅਰਪਣ ਕੀਤੀਆਂ। ਇਸ ਮੌਕੇ ਡਾ. ਬੋਪਾਰਾਏ ਨੇ ਲੇਖਕ ਇਕਬਾਲ ਪਾਲੀ ਫਲੌਂਡ ਕਲਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਲੇਖਕ ਦਾ ਜੀਵਨ ਤੇ ਲੇਖਣੀ ’ਚ ਇਕਸਾਰਤਾ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਚਾਰ ਸਾਧਨਾਂ ਨੇ ਵਿਦਿਆਰਥੀਆਂ ’ਚ ਕਿਤਾਬਾਂ ਪੜ੍ਹਨ ਦੀ ਰੁਚੀ ਘਟਾਈ ਹੈ ਪਰ ਇੰਟਰਨੈੱਟ ਜਾਂ ਹੋਰ ਸਾਧਨ ਕਿਤਾਬਾਂ ਦੀ ਥਾਂ ਨਹੀਂ ਲੈ ਸਕਦੇ। ਇਸ ਮੌਕੇ ਪ੍ਰਭਦੀਪ ਸਿੰਘ ਗਰੇਵਾਲ, ਪ੍ਰੋ. ਜਸਪ੍ਰੀਤ ਸਿੰਘ, ਲੇਖਕ ਮਨਜਿੰਦਰ ਸਿੰਘ ਸਰੌਦ ਤੇ ਡਾ. ਹਰਨੇਕ ਸਿੰਘ ਕਲੇਰ ਹਾਜ਼ਰ ਸਨ।
ਅਮਰਗੜ੍ਹ (ਰਾਜਿੰਦਰ ਜੈਦਕਾ): ਸਾਹਿਤ ਸਿਰਜਣਾ ਮੰਚ ਵੱਲੋਂ ਕਹਾਣੀਕਾਰ ਜਸਵੀਰ ਰਾਣਾ ਦੀ ਚੌਥੀ ਪੁਸਤਕ ‘ਉਰਫ਼ ਰੋਸ਼ੀ ਜੱਲਾ’ ਲੋਕ ਅਰਪਣ ਕੀਤੀ ਗਈ। ਮਾਂ ਚਰਨ ਕੌਰ ਦੀ ਯਾਦ ਵਿੱਚ ਕਰਵਾਏ ਇਸ ਸਮਾਗਮ ਵਿੱਚ ਪ੍ਰਸਿੱਧ ਲੇਖਕਾਂ ਦੀ ਥਾਂ ਮਾਸੀ ਪਰਮਜੀਤ ਕੌਰ, ਭੂਆ ਗੁਰਦੇਵ ਕੌਰ, ਮਾਸੀ ਹਰਪਾਲ ਕੌਰ, ਬੀਜੀ ਭਗਵੰਤ ਕੌਰ, ਬੀਜੀ ਹਰਬੰਸ ਕੌਰ ਤੇ ਆਂਟੀ ਜਸਪਾਲ ਕੌਰ ਸ਼ਾਮਲ ਹੋਏ। ਪਰਚਾ ਪੜ੍ਹਨ ਦੀ ਥਾਂ ਮਲੋਟ ਤੋਂ ਆਈ ਮਾਂ ਅਮਰਜੀਤ ਕੌਰ ਨੇ ਜਸਵੀਰ ਰਾਣਾ ਦੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਛੋਟੀ ਬੱਚੀ ਜਪਜੀਤ ਕੌਰ ਨੇ ਬਾਲ ਕਵਿਤਾ ਨਾਲ ਸਮਾਗਮ ਦਾ ਆਗਾਜ਼ ਕੀਤਾ। ਚਿੱਤਰਕਾਰ ਜੋੜੀ ਦਿਲਪ੍ਰੀਤ ਸਿੰਘ ਤੇ ਸੁਖਪ੍ਰੀਤ ਕੌਰ ਨੇ ਮਾਂ ਚਰਨ ਕੌਰ ਦੀ ਹੱਥ ਨਾਲ ਬਣਾਈ ਖੂਬਸੂਰਤ ਪੇਂਟਿੰਗ ਭੇਟ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸਾਮਲ ਮਾਸੀ ਪਰਮਜੀਤ ਕੌਰ ਨੇ ਮਾਂ ਬਾਰੇ ਭਾਵਕ ਯਾਦਾਂ ਸਾਂਝੀਆਂ ਕੀਤੀਆਂ।