ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਸਤੰਬਰ
ਸ਼ਰਾਬ ਦੇ ਠੇਕੇਦਾਰਾਂ ਵੱਲੋਂ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕੀਤਾ ਨਾਜਾਇਜ਼ ਕਬਜ਼ਾ ਅੱਜ ਸਵੇਰੇ ਹਟਾ ਦਿੱਤਾ ਗਿਆ। ਕਬਜ਼ਾ ਹਟਾਉਣ ਦਾ ਕੰਮ ਰੇਂਜ ਅਫ਼ਸਰ ਸਵਰਨ ਸਿੰਘ ਦੀ ਟੀਮ ਨੇ ਬਲਾਕ ਅਫ਼ਸਰ ਰਮਨਦੀਪ ਸਿੰਘ ਤੇ ਵਣ ਗਾਰਡ ਵਿਕਰਮ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ।
ਡੀਐੱਫਓ ਵਿੱਦਿਆ ਸਾਗਰੀ ਵੱਲੋਂ ਦਿੱਤੇ ਹੁਕਮਾਂ ਅਨੁਸਾਰ ਅੱਜ ਸਵੇਰੇ ਹੀ ਜੰਗਲਾਤ ਅਧਿਕਾਰੀਆਂ ਦੀ ਟੀਮ ਜੇਸੀਬੀ ਲੈ ਕੇ ਰਾਜਪੁਰਾ-ਸਰਹਿੰਦ ਬਾਈਪਾਸ ਰੋਡ ’ਤੇ ਪੁੱਜੀ ਜਿੱਥੇ ਸ਼ਰਾਬ ਦੇ ਠੇਕੇਦਾਰਾਂ ਨੇ ਇੰਟਰਲਾਕਿੰਗ ਟਾਈਲਾਂ ਅਤੇ ਇੱਟਾਂ ਲਗਾ ਕੇ ਕਬਜ਼ਾ ਕੀਤਾ ਹੋਇਆ ਸੀ। ਰੇਂਜ ਅਫ਼ਸਰ ਸਵਰਨ ਸਿੰਘ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਵਰਤਣ ਲਈ ਉਨ੍ਹਾਂ ਨੇ ਇੱਥੇ ਖੜੇ ਰੁੱਖ ਵੀ ਪੁੱਟ ਦਿੱਤੇ ਸਨ। ਵਣ ਗਾਰਡ ਵਿਕਰਮ ਸਿੰਘ ਨੇ ਇਨ੍ਹਾਂ ਨੂੰ ਵਾਰ-ਵਾਰ ਨਾਜਾਇਜ਼ ਕਬਜ਼ਾ ਹਟਾਉਣ ਲਈ ਕਿਹਾ ਪਰ ਸ਼ਰਾਬ ਦੇ ਠੇਕੇਦਾਰਾਂ ਨੇ ਜੰਗਲਾਤ ਅਧਿਕਾਰੀਆਂ ਦੀ ਇਕ ਨਾ ਮੰਨੀ ਤੇ ਉਲਟਾ ਇਹ ਉਪਰ ਤੱਕ ਪਹੁੰਚ ਦੀਆਂ ਧਮਕੀਆਂ ਦਿੰਦੇ ਰਹੇ। ਰਾਤ ਫੇਰ ਉਨ੍ਹਾਂ ਨੂੰ ਕਿਹਾ ਗਿਆ ਕਿ ਨਾਜਾਇਜ਼ ਕਬਜ਼ਾ ਹਟਾ ਲਓ ਪਰ ਠੇਕੇਦਾਰ ਹੰਕਾਰ ਵਿੱਚ ਸਨ। ਇਸ ਲਈ ਅੱਜ ਸਵੇਰੇ ਹੀ ਜੰਗਲਾਤ ਅਧਿਕਾਰੀਆਂ ਨੇ ਜੇਸੀਬੀ ਲੈ ਕੇ ਆਪਣੇ ਕਾਮਿਆਂ ਨਾਲ ਇਹ ਨਾਜਾਇਜ਼ ਕਬਜ਼ਾ ਹਟਾ ਦਿੱਤਾ। ਇਸ ਦੌਰਾਨ ਠੇਕੇਦਾਰਾਂ ਵੱਲੋਂ ਲਗਾਈਆਂ ਇੰਟਰਲਾਕਿੰਗ ਟਾਈਲਾਂ ਪੁੱਟ ਦਿੱਤੀਆਂ ਗਈਆਂ ਅਤੇ ਡੀਐੱਫਓ ਨੂੰ ਲਿਖਿਆ ਗਿਆ ਹੈ ਕਿ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸ਼ਰਾਬ ਦੇ ਠੇਕੇਦਾਰਾਂ ਵੱਲੋਂ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਧੂਰੀ ਵਿੱਚ ਅਣਅਧਿਕਾਰਤ ਕਲੋਨੀਆਂ ਦੀ ਭਰਮਾਰ
ਧੂਰੀ (ਹਰਦੀਪ ਸਿੰਘ ਸੋਢੀ): ਸਥਾਨਕ ਨਗਰ ਕੌਂਸਲ ਦੀ ਹਦੂਦ ਅੰਦਰ ਅਣਅਧਿਕਾਰਤ ਕਲੋਨੀਆਂ ਦੀ ਭਰਮਾਰ ਹੈ। ਅਜਿਹੀਆਂ ਕਾਲੋਨੀਆਂ ’ਚ ਪਲਾਟ ਅਤੇ ਕੋਠੀਆਂ ਲਈ ਬਿਆਨਾ ਕਰ ਚੁੱਕੇ ਲੋਕਾਂ ਨੂੰ ਰਜਿਸਟਰੀ ਕਰਵਾਉਣ ’ਚ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਨਾਜਾਇਜ਼ ਕਲੋਨੀਆਂ ਦੀ ਭਰਮਾਰ ਕਾਰਨ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੀ ਕਾਰਗੁਜ਼ਾਰੀ ਵੀ ਕਥਿਤ ਤੌਰ ’ਤੇ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਅਣਅਧਿਕਾਰਤ ਕਲੋਨੀਆਂ ਵਿੱਚ ਨਗਰ ਕੌਂਸਲ ਵੱਲੋਂ ਸਟਰੀਟ ਲਾਈਟ, ਵਾਟਰ ਸਪਲਾਈ ਅਤੇ ਸੀਵਰੇਜ ਸਮੇਤ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਉਥੇ ਸੀਵਰੇਜ ਬੋਰਡ ਵੱਲੋਂ ਸੀਵਰੇਜ ਪਾਉਣ ਉਪਰੰਤ ਅਜਿਹੀਆਂ ਕਲੋਨੀਆਂ ਵਿੱਚ ਗਲੀਆਂ ਬਣਾ ਕੇ ਅਣਅਧਿਕਾਰਤ ਕਲੋਨੀਆਂ ਦੇ ਮਾਲਕਾਂ ਨੂੰ ਕਥਿਤ ਤੌਰ ’ਤੇ ਲਾਭ ਪਹੁੰਚਾਇਆ ਗਿਆ ਹੈ। ਇਨ੍ਹਾਂ ਕਲੋਨੀਆਂ ਵਿੱਚ ਲਾਈਟਾਂ, ਵਾਟਰ ਸਪਲਾਈ, ਸੀਵਰੇਜ ਪਾਉਣ ਅਤੇ ਗਲੀਆਂ ਬਨਾਉਣ ਤੋਂ ਬਾਅਦ ਕਲੋਨੀਆਂ ਦੇ ਮਾਲਕ ਜ਼ਮੀਨ ਦਾ ਮਨਚਾਹਿਆ ਭਾਅ ਵਸੂਲ ਕੇ ਆਪਣੀ ਆਮਦਨ ’ਚ ਵਾਧਾ ਕਰ ਰਹੇ ਹਨ। ਇਸੇ ਦੌਰਾਨ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਅਣਅਧਿਕਾਰਤ ਕਲੋਨੀਆਂ ਬਾਰੇ ਜਾਗਰੂਕ ਕਰਨ ਲਈ ਨਗਰ ਕੌਂਸਲ ਦੇ ਦਫ਼ਤਰ ਵਿੱਚ ਅਜਿਹੀਆਂ ਕਲੋਨੀਆਂ ਦੀ ਵੇਰਵੇ ਸਹਿਤ ਸੂਚੀ ਲਗਾਈ ਜਾਵੇ ਅਤੇ ਅਣਅਧਿਕਾਰਤ ਕਲੋਨੀਆਂ ਅੱਗੇ ਨਗਰ ਕੌਂਸਲ ਵੱਲੋਂ ਬੋਰਡ ਲਗਾਏ ਜਾਣ।
ਪਲਾਟ ਖਰੀਦਣ ਤੋਂ ਪਹਿਲਾਂ ਐੱਨਓਸੀ ਪ੍ਰਾਪਤ ਕੀਤੀ ਜਾਵੇ: ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਅਣਅਧਿਕਾਰਤ ਕਲੋਨੀਆਂ ਬਾਰੇ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਸ਼ਹਿਰ ਵਿੱਚ 80/90 ਦੇ ਕਰੀਬ ਅਣਅਧਿਕਾਰਤ ਕਲੋਨੀਆਂ ਹਨ। ਇਸ ਸਮੇਂ ਸਿਰਫ ਪੰਜ ਕਲੋਨੀਆਂ ਏਕਤਾ ਵਿਹਾਰ-1 , ਏਕਤਾ ਵਿਹਾਰ-2 , ਗਰੀਨ ਸਿਟੀ, ਤਾਰਾ ਐਨਕਲੇਵ ਅਤੇ ਗੋਲਡਨ ਐਵਨਿਊ ਹੀ ਅਧਿਕਾਰਤ ਹਨ। ਉਨ੍ਹਾਂ ਕਿਹਾ ਕਿ ਪੜਤਾਲ ਪੂਰੀ ਹੋਣ ਉਪਰੰਤ ਜਿੱਥੇ ਅਣਅਧਿਕਾਰਤ ਕਲੋਨੀਆਂ ਦੇ ਮਾਲਕਾਂ ਤੋਂ ਬਣਦੀ ਫੀਸ ਜਮ੍ਹਾਂ ਕਰਵਾਈ ਜਾਵੇਗੀ, ਉਥੇ ਇਨ੍ਹਾਂ ਕਲੋਨੀਆਂ ’ਚ ਨਗਰ ਕੌਂਸਲ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਠੱਪ ਕੀਤਾ ਜਾਵੇਗਾ। ਉਨ੍ਹਾਂ ਨੇ ਅਜਿਹੀਆਂ ਕਲੋਨੀਆਂ ’ਚ ਪਲਾਟ ਖਰੀਦਣ ਵਾਲਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਲਾਟ ਖਰੀਦਣ ਤੋਂ ਪਹਿਲਾਂ ਨਗਰ ਕੌਂਸਲ ਤੋਂ ਐੱਨਓਸੀ ਪ੍ਰਾਪਤ ਕੀਤੀ ਜਾਵੇ।