ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 12 ਜੁਲਾਈ
ਨੌਧਰਾਣੀ ਸੜਕ ਸਥਿਤ ਮੁਹੱਲਾ ਗੋਬਿੰਦ ਨਗਰ, ਗਾਂਧੀ ਨਗਰ ਵਾਸੀਆਂ, ਰੇਲਵੇ ਲਾਈਨ ਤੋਂ ਪਾਰ ਦੇ ਸਨਅਤਕਾਰਾਂ ਤੇ ਸਨਅਤਾਂ ’ਚ ਕੰਮ ਕਰਦੇ ਮਜ਼ਦੂਰਾਂ ਦੇ ਵਫ਼ਦ ਨੇ ਮੁਲਾਜ਼ਮ ਆਗੂ ਰਣਜੀਤ ਸਿੰਘ ਰਾਣਵਾਂ ਦੀ ਅਗਵਾਈ ਹੇਠ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਮੰਗ ਪੱਤਰ ਸੌਂਪਿਆ।
ਉਨ੍ਹਾਂ ਮੰਗ ਕੀਤੀ ਹੈ ਕਿ ਨੌਧਰਾਣੀ ਫਾਟਕਾਂ ਨੇੜੇ ਸਥਿਤ ਹੱਡਾਰੋੜੀ ਨੂੰ ਇਸ ਰਿਹਾਇਸ਼ੀ ਖੇਤਰ ਅਤੇ ਸਨਅਤੀ ਖੇਤਰ ਤੋਂ ਦੂਰ ਤਬਦੀਲ ਕੀਤਾ ਜਾਵੇ। ਵਫ਼ਦ ਨੇ ਕਿਹਾ ਕਿ ਹੱਡਾਰੋੜੀ ’ਚੋਂ ਆਉਂਦੀ ਬਦਬੂ ਕਾਰਨ ਗੋਬਿੰਦ ਨਗਰ, ਗਾਂਧੀ ਨਗਰ ਵਾਸੀ, ਸਨਅਤਕਾਰ ਅਤੇ ਮਜ਼ਦੂਰ ਬਹੁਤ ਪ੍ਰੇਸ਼ਾਨ ਹਨ। ਹੱਡਾਰੋੜੀ ਦੇ ਮਾਸਾਹਾਰੀ ਕੁੱਤੇ ਕਿਸੇ ਦੀ ਜਾਨ ਵੀ ਲੈ ਸਕਦੇ ਹਨ। ਹੱਡਾਰੋੜੀ ’ਚੋਂ ਕਾਂ ਮਾਸ ਦੇ ਟੁਕੜੇ ਚੁੱਕ ਕੇ ਘਰਾਂ ਦੀਆਂ ਛੱਤਾਂ ਅਤੇ ਕੰਧਾਂ ’ਤੇ ਬੈਠ ਕੇ ਚੂੰਡਣ ਤੋਂ ਬਾਅਦ ਛੱਤਾਂ ਜਾਂ ਘਰਾਂ ਵਿੱਚ ਹੀ ਛੱਡ ਜਾਂਦੇ ਹਨ। ਹੱਡਾਰੋੜੀ ਨੇੜਲੇ ਤਾਰਾ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਦਬੂ ਕਾਰਨ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ। ਬਦਬੂ ਕਾਰਨ ਸਕੂਲ ਦੇ ਵਿਦਿਆਰਥੀ ਬਿਮਾਰ ਵੀ ਹੋ ਸਕਦੇ ਹਨ।ਇਸ ਤੋਂ ਇਲਾਵਾ ਵਫ਼ਦ ਨੇ ਉਕਤ ਖੇਤਰ ’ਚ ਸੀਵਰੇਜ ਪਾਉਣ, ਬਰਸਾਤੀ ਪਾਣੀ ਦੀ ਨਿਕਾਸੀ,ਕੱਚੇ ਰਸਤਿਆਂ ਨੂੰ ਪੱਕਾ ਕਰਨ,ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਆਦਿ ਮੁਸ਼ਕਲਾਂ ਤੋਂ ਵੀ ਵਿਧਾਇਕ ਨੂੰ ਜਾਣੂ ਕਰਵਾਇਆ।
ਰਣਜੀਤ ਸਿੰਘ ਰਾਣਵਾਂ ਨੇ ਦੱਸਿਆ ਕਿ ਵਿਧਾਇਕ ਮੁਹੰਮਦ ਜਮੀਲ,ਉਰ ਰਹਿਮਾਨ ਨੇ ਹੱਡਾਰੋੜੀ ਦੇ ਮਸਲੇ ਅਤੇ ਹੋਰਨਾਂ ਮੁਸ਼ਕਲਾਂ ਦੇ ਜਲਦੀ ਹੱਲ ਦਾ ਭਰੋਸਾ ਦਿਵਾਇਆ ਹੈ। ਵਫ਼ਦ ਵਿੱਚ ਆਮ ਆਦਮੀਂ ਪਾਰਟੀ ਦੇ ਆਗੂ ਰਾਜਿੰਦਰ ਕੁਮਾਰ ਰਾਜੂ, ਮਹਿੰਦਰ ਸਿੰਘ, ਲਾਲ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ ਅਜੇ ਕੁਮਾਰ, ਗੋਲੂ, ਰੋਸਾ ਅਤੇ ਸੰਜੇ ਕੁਮਾਰ ਆਦਿ ਸ਼ਾਮਲ ਸਨ।