ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 31 ਅਗਸਤ
ਨੇੜਲੇ ਪਿੰਡ ਕਾਕੜਾ ਵਿੱਚ ਅੱਜ ਪਿੰਡ ਦੇ ਲੋਕਾਂ ਵੱਲੋਂ ਅੱਜ ਕਰੋਨਾਵਾਇਰਸ ਦੇ ਟੈਸਟ ਨਾ ਕਰਵਾਉਣ ਦਾ ਫ਼ੈਸਲਾ ਲਿਆ। ਇਸ ਦੌਰਾਨ ਐੱਸਡੀਐੱਮ ਦੇ ਸਮਝਾਉਣ ਦੇ ਬਾਵਜੂਦ ਲੋਕ ਆਪਣੇ ਫ਼ੈਸਲੇ ’ਤੇ ਅੜੇ ਰਹੇ। ਉਪਰੰਤ ਐਲਾਨ ਦੇ ਬਾਵਜੂਦ ਏਡੀਸੀ ਦੇ ਨਾ ਪਹੁੰਚਣ ਤੋਂ ਭੜਕੇ ਲੋਕਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪਿੰਡ ਵਾਸੀਆਂ ਨੇ ਅੱਜ ਇਕੱਠ ਕਰ ਕੇ ਸਹਿਮਤੀ ਪ੍ਰਗਟ ਕੀਤੀ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਕਰੋਨਾਵਾਇਰਸ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਪ੍ਰਸ਼ਾਸਨ ਦੇ ਹਵਾਲੇ ਨਹੀਂ ਕੀਤਾ ਜਾਵੇਗਾ ਬਲਕਿ ਘਰ ਵਿਚ ਜਾਂ ਪਿੰਡ ’ਚ ਸਾਂਝੀ ਥਾਂ ’ਤੇ ਇਕਾਂਤਵਾਸ ਕੀਤਾ ਜਾਵੇਗਾ। ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਉਣ ਵਾਲੇ ਸਮੇਂ ਵਿੱਚ ਅੰਕੜਿਆਂ ਸਮੇਤ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਦੀ ਭਵਿੱਖਬਾਣੀ ਕੀਤੇ ਜਾਣ ਖ਼ਿਲਾਫ਼ ਵੀ ਰੋਸ ਪ੍ਰਗਟਾਇਆ। ਇਸੇ ਦੌਰਾਨ ਐਸਡੀਐਮ ਭਵਾਨੀਗੜ੍ਹ ਡਾ. ਕਰਮਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਿਹਾ ਕਿ ਲੋਕ ਸੋਸ਼ਲ ਮੀਡੀਆ ਵਿੱਚ ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁੰਮਰਾਹ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਟੀਮਾਂ ਨੂੰ ਸਹਿਯੋਗ ਦੇ ਕੇ ਆਪਣੇ ਟੈਸਟ ਕਰਵਾਉਣੇ ਚਾਹੀਦੇ ਹਨ। ਟੈਸਟ ਕਰਵਾਕੇ ਹੀ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ ਪਰ ਪਿੰਡ ਵਾਸੀਆਂ ਨੇ ਆਪਣੇ ਫੈਸਲੇ ’ਤੇ ਕਾਇਮ ਰਹਿੰਦਿਆਂ ਕਿਹਾ ਕਿ ਉਹ ਪਿੰਡ ਦੇ ਕਿਸੇ ਵੀ ਮਰੀਜ਼ ਨੂੰ ਕਰੋਨਾ ਇਲਾਜ ਲਈ ਹਸਪਤਾਲ ਵਿੱਚ ਨਹੀਂ ਭੇਜਣਗੇ ਅਤੇ ਜੇਕਰ ਪ੍ਰਸ਼ਾਸਨ ਨੇ ਧੱਕੇਸ਼ਾਹੀ ਕੀਤੀ ਤਾਂ ਉਹ ਇਸ ਦਾ ਡੱਟ ਕੇ ਵਿਰੋਧ ਕਰਨਗੇ। ਇਸ ਮੌਕੇ ਹਰਵਿੰਦਰ ਸਿੰਘ ਕਾਕੜਾ ਅਤੇ ਪ੍ਰਿਤਪਾਲ ਸਿੰਘ ਕਾਕੜਾ ਨੇ ਕਿਹਾ ਕਿ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਸਰਕਾਰ ਵੱਲੋਂ ਅਜੇ ਤੱਕ ਕਰੋਨਾਵਾਇਰਸ ਦੀ ਕੋਈ ਦਵਾਈ ਹੀ ਨਹੀਂ ਬਣਾਈ ਤਾਂ ਫਿਰ ਲੋਕਾਂ ਨੂੰ ਚੁੱਕ-ਚੁੱਕ ਕੇ ਕਿਉਂ ਲਿਜਾਂਦੇ ਹਨ ਅਤੇ ਜਿਸ ਨੂੰ ਲੈ ਜਾਂਦੇ ਹਨ ਉਸ ਦੀ ਲਾਸ਼ ਹੀ ਵਾਪਸ ਆਉਂਦੀ ਹੈ। ਪਿੰਡ ਵਾਸੀਆਂ ਦੇ ਫੈਸਲੇ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਿਸ ਕਾਰਨ ਪ੍ਰਸ਼ਾਸਨ ਨੇ ਏਡੀਸੀ ਸੰਗਰੂਰ ਦੇ ਆਉਣ ਦਾ ਐਲਾਨ ਕਰ ਕੇ ਪਿੰਡ ਦੇ ਲੋਕਾਂ ਦਾ ਦੁਬਾਰਾ ਇਕੱਠ ਕਰ ਲਿਆ, ਪ੍ਰੰਤੂ ਏਡੀਸੀ ਸੰਗਰੂਰ ਲੰਬੀ ਉਡੀਕ ਦੇ ਬਾਵਜੂਦ ਪਿੰਡ ਕਾਕੜਾ ਨਾ ਪਹੁੰਚਿਆ ਤਾਂ ਰੋਸ ਵਿਚ ਆਏ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।