ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 19 ਸਤੰਬਰ
ਇੱਥੋਂ ਦੇ ਸਿਵਲ ਹਸਪਤਾਲ ਵਿੱਚ ਪੈਨਲ ’ਤੇ ਸੇਵਾ ਨਿਭਾਅ ਰਹੀ ਮਹਿਲਾ ਰੋਗਾਂ ਦੀ ਮਾਹਿਰ ਨੇ ਹਸਪਤਾਲ ਦੇ ਅਧਿਕਾਰੀਆਂ ਅਤੇ ਸਟਾਫ਼ ’ਤੇ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ ਤੇ ਮਾਨਸਿਕ ਤਣਾਅ ਨਾ ਝੱਲਦਿਆਂ ਉਸ ਨੇ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਸਿਵਲ ਸਰਜਨ, ਮੁੱਖ ਮੰਤਰੀ ਅਤੇ ਸਿਹਤ ਮੰਤਰੀ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਲਿਖੇ ਪੱਤਰ ਰਾਹੀਂ ਡਾ. ਨੇਹਾ ਗਰਗ ਨੇ ਐੱਸਐੱਮਓ ਮਾਲੇਰਕੋਟਲਾ ਅਤੇ ਅਪਰੇਸ਼ਨ ਥੀਏਟਰ ਦੇ ਕੁੱਝ ਸਹਾਇਕਾਂ ’ਤੇ ਅਪਰੇਸ਼ਨਾਂ ਲਈ ਹਸਪਤਾਲ ਆਉਣ ਵਾਲੇ ਮਰੀਜ਼ਾਂ ਅਤੇ ਉਸ ਨਾਲ ਵਿਵਹਾਰ ਕਰਨ ਵੇਲੇ ਕੁਤਾਹੀਆਂ ਕਰਨ ਦਾ ਦੋਸ਼ ਲਾਇਆ ਹੈ।
ਐੱਸਐੱਮਓ ਡਾ. ਜਗਜੀਤ ਸਿੰਘ, ਜੋ ਖੁਦ ਸੀਨੀਅਰ ਗਾਇਨੀਕੋਲੋਜਿਸਟ ਹਨ, ਨੇ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕੁਝ ਮਰੀਜ਼ਾਂ, ਉਨ੍ਹਾਂ ਦੇ ਸੇਵਾਦਾਰਾਂ ਅਤੇ ਇੱਕ ਡਾਇਗਨੋਸਟਿਕ ਕੰਪਨੀ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਨਤੀਜਿਆਂ ਤੋਂ ਬਚਣ ਲਈ ਉਸ ਵੱਲੋਂ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਦੱਸਣਯੋਗ ਹੈ ਕਿ ਡਾ. ਨੇਹਾ ਗਰਗ ਨੇ ਕਰੀਬ ਸੱਤ ਮਹੀਨੇ ਪਹਿਲਾਂ ਕੇਂਦਰ ਸਰਕਾਰ ਦੀ ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕ੍ਰਮ ਸਕੀਮ ਤਹਿਤ ਇੱਕ ਪੈਨਲਡ ਗਾਇਨੀਕੋਲੋਜਿਸਟ ਵਜੋਂ ਕੰਮ ਸ਼ੁਰੂ ਕੀਤਾ ਸੀ।