ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 27 ਮਾਰਚ
ਨੇੜਲੇ ਪਿੰਡ ਉੱਭਾਵਾਲ ਵਿੱਚ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਪਿੰਡ ਦੇ ਲੋਕਾਂ ਦਾ ਇਕੱਠ ਕੀਤਾ। ਇਸ ਮੌਕੇ ਪੰਚਾਇਤ ਵੱਲੋਂ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪਿੰਡ ਵਿੱਚ ਜੋ ਠੇਕਾ ਹੈ, ਉਸ ਨੂੰ ਪਿੰਡ ਤੋਂ ਘੱਟੋ ਘੱਟ ਡੇਢ ਦੋ ਕਿਲੋਮੀਟਰ ਬਾਹਰ ਕੱਢਿਆ ਜਾਵੇ। ਪਿੰਡ ਦੀ ਪੰਚਾਇਤ ਅਤੇ ਮੋਹਤਵਰ ਵਿਅਕਤੀਆਂ ਦਾ ਕਹਿਣਾ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੇ ਕੁਝ ਵਿਅਕਤੀ ਪੁਲੀਸ ਦੀ ਮਿਲੀਭੁਗਤ ਨਾਲ ਇੱਥੇ ਨਸ਼ਾ ਵੇਚ ਰਹੇ ਹਨ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਖ਼ਰਾਬ ਕਰ ਰਹੇ ਹਨ। ਪਿੰਡ ਦੀ ਸਰਪੰਚ ਅਮਰਜੀਤ ਵੱਲੋਂ ਗੁਰਮੇਲ ਸਿੰਘ, ਸਾਬਕਾ ਸਰਪੰਚ ਪਾਲੀ ਸਿੰਘ ਕਮਲ, ਸਾਬਕਾ ਸਰਪੰਚ ਮੱਖਣ ਸ਼ਰਮਾ, ਕ੍ਰਿਸ਼ਨ ਚੰਦ ਮਾਮਾ, ਪੰਚ ਨਿਰਭੈ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ, ਰਵੀ ਸਿੰਘ, ਸੁਖਵਿੰਦਰ ਕੌਰ, ਸੰਦੀਪ ਕੌਰ, ਜਸਪ੍ਰੀਤ ਕੌਰ, ਗੁਰਮੀਤ ਕੌਰ, ਜਸਵੰਤ ਸਿੰਘ ਮਿੱਠੂ ਨੇ ਫ਼ੈਸਲਾ ਕੀਤਾ ਹੈ ਕਿ ਜੇ ਕੋਈ ਵੀ ਵਿਅਕਤੀ ਪਿੰਡ ਵਿੱਚ ਠੇਕੇ ਲਈ ਜਗ੍ਹਾ ਦੇਵੇਗਾ, ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਪਿੰਡ ਵਿੱਚ ਵਿਅਕਤੀ ਸ਼ਰਾਬ ਵੇਚਦਾ ਪੁਲੀਸ ਕੋਲ ਫੜਿਆ ਗਿਆ ਤਾਂ ਉਸ ਨੂੰ ਛਡਵਾਉਣ ਲਈ ਕੋਈ ਵਿਅਕਤੀ ਨਹੀਂ ਜਾਵੇਗਾ। ਜੋ ਅਜਿਹਾ ਕਰੇਗਾ ਉਸ ਵਿਅਕਤੀ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਨਾਜ਼ਰ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ ਸੁੱਖਾ, ਕਾਲਾ ਸਿੰਘ, ਕੁਲਬੀਰ ਸਿੰਘ, ਗੁਰਸੇਵਕ ਸਿੰਘ ਹੁਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਪਿਛਲੇ ਸਾਲ ਜੂਨ ਅਤੇ ਦਸੰਬਰ ਦੇ ਮਹੀਨੇ ’ਚ ਵੀ ਪ੍ਰਸ਼ਾਸਨ ਨੂੰ ਮਤਾ ਪਾ ਕੇ ਦਿੱਤਾ ਸੀ ਕਿ ਪਿੰਡ ਵਿੱਚ ਠੇਕਾ ਨਾ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਤੋਂ ਘੱਟੋ ਘੱਟ ਡੇਢ ਦੋ ਕਿਲੋਮੀਟਰ ’ਤੇ ਠੇਕਾ ਹੋਣਾ ਚਾਹੀਦਾ ਹੈ ਪਰ ਪ੍ਰਸ਼ਾਸਨ ਵੱਲੋਂ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜੇ ਇਸ ਸਾਲ ਇਹ ਠੇਕਾ ਪਿੰਡ ਵਿੱਚ ਰੱਖਿਆ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ।