ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 24 ਸਤੰਬਰ
ਥਾਣਾ ਸਦਰ ਪੁਲੀਸ ਨੇ ਚਾਰ ਦਿਨ ਪਹਿਲਾਂ ਪਿਸਤੌਲਾਂ ਦੀ ਨੋਕ ’ਤੇ ਖਾਨਪੁਰ ਪਿੰਡ ਤੋਂ ਅਗਵਾ ਕੀਤੇ ਨੌਜਵਾਨ ਨੂੰ ਛੁਡਵਾਉਣ ਤੋਂ ਬਾਅਦ ਸੱਤਾਂ ਵਿੱਚੋਂ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪਿਸਤੌਲ ਬਰਾਮਦ ਕੀਤਾ ਗਿਆ ਹੈ ਜਦੋਂ ਕਿ ਪੰਜ ਮੁਲਜ਼ਮਾਂ ਅਜੇ ਗ੍ਰਿਫ਼ਤ ’ਚੋਂ ਬਾਹਰ ਹਨ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਾਲੇਰਕੋਟਲਾ ਵਾਸੀ ਰਮਨਦੀਪ ਕੌਰ ਅਤੇ ਸ਼ਤਰਾਨਾ ਵਾਸੀ ਬਲਜੀਤ ਸਿੰਘ ਬੱਲੀ ਵੱਜੋਂ ਕੀਤੀ ਗਈ ਹੈ।
ਸਿਹਾਲ ਦੇ ਯਾਦਵਿੰਦਰ ਸਿੰਘ, ਸਿਹਾਲ ਦੇ ਹੀ ਰਸ਼ਪਿੰਦਰ ਸਿੰਘ, ਦੁੱਗਲ ਪਿੰਡ ਦੇ ਗੁਰਵਿੰਦਰ ਸਿੰਘ, ਧਰਮਗੜ੍ਹ ਛੰਨਾ ਦੇ ਗੁਰਵਿੰਦਰ ਸਿੰਘ ਕੱਟਾ ਅਤੇ ਖੜਿਆਨ ਵਾਸੀ ਰਾਜਵੀਰ ਸਿੰਘ ਨੂੰ ਅਜੇ ਕਾਬੂ ਕੀਤਾ ਜਾਣਾ ਹੈ। ਅਹਿਮਦਗੜ੍ਹ ਦੇ ਡੀਐੱਸਪੀ ਰਾਜਨ ਸ਼ਰਮਾ ਨੇ ਦੱਸਿਆ ਕਿ ਥਾਣਾ ਸਦਰ ਦੇ ਐੱਸਐੱਚਓ ਸੰਜੀਵ ਕਪੂਰ ਅਤੇ ਜੌੜੇਪੁਲ ਦੇ ਐੱਸਐੱਚਓ ਰਾਜਵਿੰਦਰ ਕੌਰ ਦੀ ਅਗਵਾਈ ਵਾਲੀ ਟੀਮ ਨੇ ਬੀਤੇ ਐਤਵਾਰ ਨੂੰ ਖਾਨਪੁਰ ਪਿੰਡ ਤੋਂ ਬੰਟੀ ਸਿੰਘ ਨਾਂ ਦੇ ਨੌਜਵਾਨ ਦੇ ਅਗਵਾ ਦਾ ਮਾਮਲਾ ਹੱਲ ਕਰ ਲਿਆ ਹੈ। ਮੁੱਢਲੀ ਪੜਤਾਲ ਵਿੱਚ ਪਤਾ ਲੱਗਿਆ ਕਿ ਬੰਟੀ ਸਿੰਘ ਰਮਨਦੀਪ ਕੌਰ ਦੀ ਛੋਟੀ ਭੈਣ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਰਮਨਦੀਪ ਕੌਰ ਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ।ਇਸ ਕਰਕੇ ਉਸ ਨੇ ਆਪਣੇ ਦੋਸਤ ਰਸ਼ਪਿੰਦਰ ਸਿੰਘ ਨਾਲ ਮਿਲ ਕੇ ਬੰਟੀ ਨੂੰ ਸਬਕ ਸਿਖਾਉਣਾ ਚਾਹਿਆ।