ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 18 ਮਈ
ਇਥੇ ਸਹਬਿਜ਼ਾਦਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵੱਲੋਂ ਸਕੂਲ ’ਚ ਪੜ੍ਹਦੇ ਵਿਦਿਆਰਥੀਆਂ ਤੋਂ ਸਕੂਲ ਦੇ ਰੱਖ- ਰਖਾਅ ਦੇ ਨਾਂ ‘ਤੇ ਵਸੂਲ ਕੀਤੀਆਂ ਜਾ ਰਹੀਆਂ ਵਾਧੂ ਫ਼ੀਸਾਂ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਦਖ਼ਲ ਉਪਰੰਤ ਸੁਲਝ ਗਿਆ ਹੈ। ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਦਫ਼ਤਰ ਇਕੱਤਰ ਹੋਏ ਉਕਤ ਸਕੂਲ ‘ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਰਾਜਿੰਦਰ ਸਿੰਘ, ਮਨੋਜ ਕੁਮਾਰ, ਲਖਵੀਰ ਸਿੰਘ, ਜਤਿੰਦਰ ਸਿੰਘ, ਮੁਹੰਮਦ ਸਫੀਕ, ਕਸ਼ਮੀਰਾ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦਸ ਦਿਨ ਪਹਿਲਾਂ ਉਕਤ ਸਕੂਲ ਵੱਲੋਂ ਫ਼ੀਸਾਂ ’ਚ ਕੀਤੇ ਬੇਲੋੜੇ ਵਾਧੇ ਸਬੰਧੀ ਸਾਰਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ‘ਚ ਲਿਆ ਦਿੱਤਾ ਸੀ। ਅੱਜ ਉਹ ਮਾਮਲੇ ਦੀ ਮੌਜੂਦਾ ਸਥਿਤੀ ਜਾਣਨ ਤੇ ਮਾਮਲੇ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਪੜਤਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮਾਲੇਰਕੋਟਲਾ ਸੰਜੀਵ ਸਿੰਗਲਾ ਨੂੰ ਭੇਜ ਦਿੱਤੀ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸਿੰਗਲਾ ਨੇ ਉਕਤ ਮਾਮਲੇ ਦੀ ਪੜਤਾਲ ਦੀ ਜ਼ਿੰਮੇਵਾਰੀ ਬਤੌਰ ਪੜਤਾਲ ਅਫ਼ਸਰ ਪ੍ਰਿੰਸੀਪਲ ਮੁਹੰਮਦ ਖਲੀਲ ਨੂੰ ਸੌਂਪੀ।
ਪੜਤਾਲੀ ਅਫ਼ਸਰ ਪ੍ਰਿੰਸੀਪਲ ਮੁਹੰਮਦ ਖਲੀਲ ਦੀ ਪੜਤਾਲ ਦੌਰਾਨ ਸਕੂਲ ਦੇ ਪ੍ਰਿੰਸੀਪਲ ਨੇ ਲਿਖ ਕੇ ਦਿੱਤਾ ਕਿ ਸੰਸਥਾ ਦੀ ਮੈਨੇਜਮੈਂਟ ਵੱਲੋਂ ਜੋ ਫ਼ੀਸ ਅਤੇ ਫੰਡਾਂ ਵਿੱਚ ਵਾਧਾ ਕੀਤਾ ਸੀ ਉਹ ਵਾਪਸ ਲਿਆ ਜਾਂਦਾ ਹੈ, ਜਿਨ੍ਹਾਂ ਵਿਦਿਆਰਥੀਆਂ ਨੇ ਫ਼ੀਸਾਂ/ਫੰਡਾਂ ‘ਚ ਕੀਤਾ ਵਾਧਾ ਸਕੂਲ ਕੋਲ ਜਮ੍ਹਾਂ ਕਰਵਾ ਦਿੱਤਾ ਹੈ। ਉਹ ਅਗਲੀ ਫ਼ੀਸ ਵਿੱਚ ਐਡਜਸਟ ਕਰ ਦਿੱਤਾ ਜਾਵੇਗਾ। ਮਾਪਿਆਂ ਕਿਹਾ ਕਿ ਉਹ ਪੜਤਾਲ ਅਫ਼ਸਰ ਦੀ ਕਾਰਵਾਈ ਤੋਂ ਸੰਤੁਸ਼ਟ ਹਨ। ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਨੇ ਲਿਖਤੀ ਤੌਰ ‘ਤੇ ਕਿਹਾ ਹੈ ਕਿ ਸਕੂਲ ਵੱਲੋਂ ਵਾਧੂ ਫ਼ੀਸਾਂ /ਫੰਡ ਨਹੀਂ ਲਏ ਜਾਣਗੇ।