ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ,10 ਅਪਰੈਲ
ਪਿੰਡ ਘਰਾਚੋਂ ਦੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਚਾਇਤੀ ਜ਼ਮੀਨ ਪ੍ਰਾਈਵੇਟ ਅਦਾਰਿਆਂ ਨੂੰ ਹਥਿਆਉਣ ਤੋਂ ਬਚਾਉਣ ਸਦਕਾ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਅਤੇ ਪੰਜ ਪੰਚਾਇਤ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਜ਼ਮੀਨ ਪ੍ਰਾਪਤੀ ਸ਼ੰਘਰਸ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜਦੋਂ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਦਿੱਲੀ ਬਾਰਡਰ ’ਤੇ ਕਿਸਾਨ ਅੰਦੋਲਨ ਸਿਖਰਾਂ ’ਤੇ ਪਹੁੰਚ ਗਿਆ ਹੈ ਤਾਂ ਇਸੇ ਦੌਰਾਨ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ, ਪੰਚਾਇਤ ਮੈਂਬਰ ਬਲਵਿੰਦਰ ਸਿੰਘ, ਵੀਰਪਾਲ ਕੌਰ, ਰਣਜੀਤ ਕੌਰ, ਜਸਵੀਰ ਕੌਰ ਅਤੇ ਰਮਨਦੀਪ ਕੌਰ ਨੇ 23 ਏਕੜ ਪੰਚਾਇਤੀ ਜ਼ਮੀਨ ਵੱਡੇ ਘਰਾਣਿਆਂ ਨੂੰ ਸੌਂਪਣ ਤੋਂ ਬਚਾ ਲਈ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਤੇ ਜਥੇਬੰਦੀਆਂ ਦੇ ਮੈਬਰਾਂ ਵੱਲੋਂ ਸਰਪੰਚ ਅਤੇ ਪੰਚਾਂ ਦਾ ਸਨਮਾਨ ਕੀਤਾ ਗਿਆ।
ਇੱਥੇ ਇਹ ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ 70 ਫੀਸਦੀ ਪ੍ਰਾਈਵੇਟ ਸ਼ੇਅਰ ਵਾਲੇ ਬਣਨ ਵਾਲੇ ਮੈਡੀਕਲ ਹਸਪਤਾਲ ਲਈ ਘਰਾਚੋਂ ਪਿੰਡ ਦੀ 23 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਸੌਂਪ ਰਿਹਾ ਸੀ ਤਾਂ ਉਕਤ ਸਰਪੰਚ ਤੇ ਪੰਚਾਂ ਨੇ ਹਾਈਕੋਰਟ ਵਿੱਚ ਰਿੱਟ ਦਾਖਲ ਕਰਕੇ ਇਸ ਮਸਲੇ ’ਤੇ ਰੋਕ ਲਗਾ ਦਿੱਤੀ।