ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 8 ਅਗਸਤ
ਪਾਵਰਕੌਮ ਅਤੇ ਟਰਾਂਸਕੌਮ ਦੇ ਸੇਵਾਮੁਕਤ ਕਾਮਿਆਂ ਦੀ ਸਾਂਝੀ ਜਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਜਰਨੈਲ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2022 ਦਾ ਡਟਵਾਂ ਵਿਰੋਧ ਕੀਤਾ ਗਿਆ ਤੇ ਬਿੱਲ ਦੇ ਖ਼ਰੜੇ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਸਰਕਲ ਕਮੇਟੀ ਦੇ ਪ੍ਰਧਾਨ ਪਿਆਰਾ ਲਾਲ, ਗੋਬਿੰਦ ਕਾਂਤ, ਪਰਮਜੀਤ ਸ਼ਰਮਾ, ਸੁਖਵਿੰਦਰ ਸਿੰਘ ਅਤੇ ਮਿਰਜ਼ਾ ਸਿੰਘ, ਕਰਨੈਲ ਸਿੰਘ ਭੱਟੀਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਬਿੱਲ- 2022 ਨੂੰ ਰੱਦ ਨਾ ਕੀਤਾ ਗਿਆ ਤਾਂ ਜਥੇਬੰਦੀ ਸਮਾਜ ਦੇ ਹੋਰ ਵਰਗਾਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰੇਗੀ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਪੀਐੱਸਈਬੀ ਐਂਪਲਾਈਜ਼ ਜੁਆਇਟ ਫੋਰਮ ਪੰਜਾਬ ਦੇ ਪ੍ਰੋਗਰਾਮ ਅਨੁਸਾਰ ਅੱਜ ਮੰਡਲ ਦਫਤਰ ਧੂਰੀ ਦੇ ਗੇਟ ਅੱਗੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਦੌਰਾਨ ਸੇਵਾਮੁਕਤ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਗੇਟ ਰੈਲੀ ਨੂੰ ਲਖਵੀਰ ਸਿੰਘ ਮੂਲੋਵਾਲ ਸਰਕਲ ਸਕੱਤਰ, ਅਮ੍ਰਿਤਪਲ ਸਿੰਘ ਬੇਨੜਾ ਸਰਕਲ ਸਕੱਤਰ ਤੇ ਧਰਿੰਦਰ ਕੁਮਾਰ ਆਦਿ ਨੇ ਸੰਬੋਧਨ ਕੀਤਾ।
ਲਹਿਰਾਗਾਗਾ (ਪੱਤਰ ਪ੍ਰੇਰਕ): ਪੈਨਸ਼ਨਰਜ਼ ਐਸੋਸੀਏਸ਼ਨ ਲਹਿਰਾਗਾਗਾ ਦੀ ਜਨਰਲ ਕੌਂਸਲ ਦੀ ਮੀਟਿੰਗ ਪਾਵਰਕੌਮ ਦਫ਼ਤਰ ਵਿੱਚ ਸੀਤਾ ਰਾਮ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਕੱਤਰ ਗੁਰਚਰਨ ਸਿੰਘ, ਖ਼ਜ਼ਾਨਚੀ ਗੁਰਪਿਆਰ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਜਗਰੂਪ ਸਿੰਘ ਸਣੇ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਭਾਗ ਲਿਆ। ਇਸ ਦੌਰਾਨ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ’ਤੇ ਵਿਚਾਰ ਚਰਚਾ ਕੀਤੀ ਤੇ ਮੀਟੰਗ ਤੋਂ ਬਾਅਦ ਬਿਜਲੀ ਸੋਧ ਬਿੱਲ-2022 ਦੀਆਂ ਕਾਪੀਆਂ ਸਾੜੀਆਂ। ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਬਿਜਲੀ ਕਾਮਿਆਂ ਨੇ ਪਾਵਰਕੌਮ ਦੇ ਸਰਕਲ ਦਫ਼ਤਰ ਅੱਗੇ ਕੇਂਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਮਿਆਂ ਨੂੰ ਜੁਆਇੰਟ ਫੋਰਮ ਦੇ ਸਾਬਕਾ ਆਗੂ ਫਲਜੀਤ ਸਿੰਘ, ਸਰਕਲ ਆਗੂ ਸੰਤ ਸਿੰਘ, ਯਸ਼ਪਾਲ ਸ਼ਰਮਾ ਤੇ ਜਗਦੇਵ ਸਿੰਘ ਆਦਿ ਨੇ ਸੰਬੋਧਨ ਕੀਤਾ।