ਪੱਤਰ ਪ੍ਰੇਰਕ
ਮੂਨਕ, 19 ਸਤੰਬਰ
ਵਿਧਾਇਕ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਹੋਇਆਂ ਪਿੰਡ ਮਕਰੌੜ ਸਾਹਿਬ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ। ਵਿਧਾਇਕ ਸ੍ਰੀ ਗੋਇਲ ਨੇ ਕਿਹਾ ਕਿ ਹਲਕਾ ਲਹਿਰਾ ਦੇ ਸਾਰੇ ਪਿੰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਚੁੱਕੇ ਹਨ। ਪਿੰਡ ਮਕਰੌੜ ਸਾਹਿਬ ਵਿੱਚ ਵੀ ਸਰਕਾਰੀ ਸਕੂਲ, ਗੁੱਗਾ ਮੈੜੀ ਦੇ ਸ਼ੈੱਡ, ਪਾਣੀ ਵਾਲੀ ਟੈਂਕੀ ਤੇ ਪਿੰਡਾਂ ਵਿੱਚ ਨਹਿਰੀ ਪਾਣੀ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਮੂਨਕ ਤੋਂ ਮਕਰੌੜ ਸਾਹਿਬ ਵਾਲੀ ਸੜਕ ਦਾ ਨਿਰਮਾਣ ਵੀ ਜਲਦੀ ਕਰਵਾਇਆ ਜਾਵੇਗਾ। ਇਸ ਦੌਰਾਨ ਵਿਧਾਇਕ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਤੇ ਮੌਕੇ ’ਤੇ ਹੀ ਇਨ੍ਹਾਂ ਦਾ ਹੱਲ ਕੀਤਾ ਗਿਆ। ਵਿਧਾਇਕ ਸ੍ਰੀ ਗੋਇਲ ਨੇ ਕਿਹਾ ਕਿ ਹਰਿਆਣਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ। ਦਿੱਲੀ ਦੇ ਮੁੱਖ ਮੰਤਰੀ ਦੇ ਅਸਤੀਫ਼ੇ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਫ਼ੈਸਲਾ ਸੁਣਾ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਦੇ ਸਿਹਤਮੰਦ ਹੋਣ ਦੀ ਵੀ ਕਾਮਨਾ ਕੀਤੀ। ਇਸ ਮੌਕੇ ਪੰਚਾਇਤ ਅਫ਼ਸਰ ਨਰੇਸ਼ ਕੁਮਾਰ, ਪ੍ਰਬੰਧਕ ਅਫ਼ਸਰ ਤਨੀਸ਼ ਜੈਨ, ਚੇਅਰਮੈਨ ਜੋਗੀ ਰਾਮ ਭੂਲਣ, ਬਲਾਕ ਪ੍ਰਧਾਨ ਡਾ. ਦਲਬਾਰਾ ਸਿੰਘ, ਬੂਟਾ ਸਿੰਘ ਨਵਾਂ ਗਾਉਂ ਤੇ ਗੁਰਦੀਪ ਸਿੰਘ ਮਕਰੌੜ ਸਾਹਿਬ ਤੇ ਹੋਰ ਪਤਵੰਤੇ ਹਾਜ਼ਰ ਸਨ।