ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ 25 ਸਤੰਬਰ
ਡਿਪਟੀ ਕਮਿਸ਼ਨਰ ਡਾ. ਪੱਲਵੀ ਵੱਲੋਂ ਵੱਖ ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ । ਉਨ੍ਹਾਂ ਜ਼ਿਲ੍ਹੇ ਨੂੰ ਓ.ਡੀ.ਐੱਫ.ਪਲੱਸ ਬਣਾਉਣ ਲਈ ਸਬੰਧਤ ਵਿਭਾਗਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਸਬੰਧਤ ਵਿਭਾਗ ਦੇ ਜ਼ਿਲ੍ਹਾ ਪੱਧਰੀ ਅਧਿਕਾਰੀ ਚੱਲ ਰਹੇ ਕੰਮਾਂ ਦੀ ਖ਼ੁਦ ਮੌਕੇ ’ਤੇ ਜਾ ਕੇ ਨਿਗਰਾਨੀ ਕਰਨ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਲ ਵਿਭਾਗ, ਸੇਵਾ ਕੇਂਦਰ, ਸਾਂਝ ਕੇਂਦਰ, ਈ-ਸੇਵਾ, ਈ-ਆਫ਼ਿਸ, ਪੀ.ਜੀ.ਆਰ.ਐਸ ਪੋਰਟਲ, ਟਰਾਂਸਪੋਰਟ ਵਿਭਾਗ ਤੇ ਲੰਬਿਤ ਕੇਸਾਂ ਨੂੰ ਤੈਅ ਸਮੇਂ ’ਚ ਨਿਪਟਾਏ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੇਮੌਸਮੀ ਬਰਸਾਤ ਦੌਰਾਨ ਨੁਕਸਾਨੀ ਫ਼ਸਲਾਂ ਦੇ ਮੁਆਵਜ਼ਾ ਜਲਦ ਤੋਂ ਜਲਦ ਵੰਡਿਆ ਜਾਵੇ। ਡਿਪਟੀ ਕਮਿਸ਼ਨਰ ਨੇ ਮਾਲ ਰਿਕਾਰਡ, ਜਮ੍ਹਾਂਬੰਦੀਆਂ, ਇੰਤਕਾਲਾਂ ਆਦਿ ਸਬੰਧੀ ਕਾਰਜਾਂ ਦਾ ਜਾਇਜ਼ਾ ਲਿਆ। ਇੰਜ ਹੀ ਜਲ ਜੀਵਨ ਮਿਸ਼ਨ, ਸਵੱਛ ਭਾਰਤ ਮਿਸ਼ਨ (ਗ੍ਰਾਮੀਣ),ਆਮ ਆਦਮੀ ਕਲੀਨਿਕ, ਨਸ਼ਾ ਮੁਕਤੀ ਕੇਂਦਰ ਆਦਿ ਦੀ ਵੀ ਸਮੀਖਿਆ ਕੀਤੀ।