ਪੱਤਰ ਪ੍ਰੇਰਕ
ਡਕਾਲਾ, 30 ਦਸੰਬਰ
ਦੱਖਣੀ ਬਾਈਪਾਸ ਉੱਤੇ ਸਥਿਤ ਮੈਣ-ਪਟਿਆਲਾ ਚੌਕ ਦੇ ਕੋਲ ਸੜਕ ਦਾ ਇੱਕ ਕਿਨਾਰਾ ਬਿਨਾਂ ਰੇਲਿੰਗ ਹੋਣ ਕਾਰਨ ਵਾਹਨ ਚਾਲਕਾਂ ਤੇ ਆਵਾਰਾ ਪਸ਼ੂਆਂ ਲਈ ਹਾਦਸਿਆਂ ਦਾ ਖੌਅ ਬਣਿਆ ਹੋਇਆ ਹੈ। ਰੇਲਿੰਗ ਨਾ ਹੋਣ ਕਾਰਨ ਇੱਥੇ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ।
ਦੱਸਣਯੋਗ ਹੈ ਕਿ ਡਕਾਲਾ ਆਦਿ ਇਲਾਕੇ ਤੋਂ ਵਾਇਆ ਮੈਣ-ਪਟਿਆਲਾ ਸੜਕ, ਜਿਹੜੀ ਕਿ ਦੱਖਣੀ ਬਾਈਪਾਸ ਤੋਂ ਗੁਜ਼ਰਦੀ ਹੈ, ਦੇ ਕੋਲ ਨਾਲੇ ਡੂੰਘੇ ਨਾਲੇ ਵੱਲ ਪੈਂਦਾ ਸੜਕ ਦਾ ਇੱਕ ਹਿੱਸਾ ਕਈ ਸਾਲਾਂ ਤੋਂ ਰੇਲਿੰਗ ਤੋਂ ਸੱਖਣਾ ਹੈ। ਰੇਲਿੰਗ ਨਾ ਹੋਣ ਕਾਰਨ ਰਾਹਗੀਰਾਂ ਨੂੰ ਹਮੇਸ਼ਾ ਹਾਦਸਾ ਵਾਪਰਨ ਦਾ ਡਰ ਲੱਗ ਰਹਿੰਦਾ ਹੈ। ਇਲਾਕਾ ਵਾਸੀ ਅਕਾਲੀ ਆਗੂ ਗੁਰਧਿਆਨ ਸਿੰਘ ਭਾਨਰੀ, ਸਰਪੰਚ ਮਨਪ੍ਰੀਤ ਸਿੰਘ, ਅਮਿਤਾਭ ਸਿੰਘ ਤੇ ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਦੂਜੇ ਪਾਸੇ ਇਸ ਸਬੰਧੀ ਐੱਸ.ਡੀ.ਐੱਮ. ਪਟਿਆਲਾ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਪਰ ਸੰਪਰਕ ਨਹੀਂ ਹੋ ਸਕਿਆ। ਦੱਸਣਯੋਗ ਹੈ ਕਿ ਇਸ ਸੜਕ ਦਾ ਵਿਕਾਸ ਪ੍ਰਧਾਨ ਮੰਤਰੀ ਸੜਕ ਯੋਜਨਾ ਹੇਠ ਹੋਇਆ ਸੀ ਪਰ ਹੁਣ ਕੋਈ ਵੀ ਮਹਿਕਮਾ ਅਸੁਰੱਖਿਅਤ ਬਣੇ ਸੜਕੀ ਖੱਪੇ ਦੀ ਸਾਰ ਨਹੀਂ ਲੈ ਰਿਹਾ।