ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 31 ਜੁਲਾਈ
ਇੱਥੋਂ ਦੇ ਬੱਸ ਅੱਡੇ ’ਚ ਲੰਘੀ ਰਾਤ ਬੱਸ ’ਤੇ ਸੌਂ ਰਹੇ ਪੀਆਰਟੀਸੀ ਦੇ ਇਕ ਕੰਡਕਟਰ ਤੋਂ ਚੋਰ ਨਕਦੀ ਅਤੇ ਹੋਰ ਸਾਮਾਨ ਚੁੱਕ ਕੇ ਫ਼ਰਾਰ ਹੋ ਗਏ। ਚੋਰੀ ਦੇ ਰੋਸ ਵਜੋਂ ਪੀਆਰਟੀਸੀ-ਪਨਬੱਸ ਕਾਮਿਆਂ ਨੇ ਚਾਰ ਘੰਟੇ ਮਾਲੇਰਕੋਟਲੇ ਦਾ ਬੱਸ ਅੱਡਾ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਪੀਆਰਟੀਸੀ ਪਟਿਆਲਾ ਡਿੱਪੂ ਦੇ ਕੰਡਕਟਰ ਦਵਿੰਦਰ ਸਿੰਘ ਨੇ ਪੁਲੀਸ ਸ਼ਿਕਾਇਤ ’ਚ ਕਿਹਾ ਕਿ ਉਹ ਲੰਘੀ ਰਾਤ ਉਹ ਕਰੀਬ ਪੰਦਰਾਂ ਹਜ਼ਾਰ ਦੀ ਨਕਦੀ, ਟਿਕਟ ਬਕਸਾ, ਡਰਾਈਵਿੰਗ ਲਾਈਸੈਂਸ, ਕੰਡਕਟਰ ਲਾਈਸੈਂਸ, ਏਟੀਐੱਮ ਅਤੇ ਆਧਾਰ ਕਾਰਡ ਇੱਕ ਬੈਗ ’ਚ ਪਾ ਕੇ ਬੈਗ ਸਿਰਹਾਣੇ ਰੱਖ ਕੇ ਸੌਂ ਗਿਆ। ਜਦ ਉਸ ਦੀ ਕਰੀਬ ਇੱਕ ਵਜੇ ਅੱਖ ਖੁੱਲ੍ਹੀ ਤਾਂ ਬੈਗ ਉਸ ਦੇ ਸਿਰਹਾਣੇ ਹੇਠ ਨਹੀਂ ਸੀ। ਪੀਆਰਟੀਸੀ-ਪਨਬੱਸ ਯੂਨੀਅਨ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਧਾਲੀਵਾਲ ਅਤੇ ਭਿੰਦਰ ਸਿੰਘ ਹਥਨ ਨੇ ਕਿਹਾ ਕਿ ਕੰਡਕਟਰ ਨਾਲ ਵਾਪਰੀ ਇਸ ਘਟਨਾ ਲਈ ਨਗਰ ਕੌਂਸਲ ਜ਼ਿੰਮੇਵਾਰ ਹੈ ਕਿਉਂਕਿ ਮਾਲੇਰਕੋਟਲਾ ਬੱਸ ਅੱਡੇ ਵਿਚ ਰੋਜ਼ਾਨਾ ਰਾਤ ਵੇਲੇ ਖੜ੍ਹਦੀਆਂ ਸੈਂਕੜੇ ਨਿੱਜੀ ਤੇ ਸਰਕਾਰੀ ਬੱਸਾਂ ਕੋਲੋਂ ਨਗਰ ਕੌਂਸਲ ਫ਼ੀਸ ਤਾਂ ਪ੍ਰਾਪਤ ਕਰਦੀ ਪਰ ਬੱਸਾਂ ਅਤੇ ਡਰਾਈਵਰਾਂ -ਕੰਡਕਟਰਾਂ ਦੀ ਸੁਰੱਖਿਆ ਲਈ ਕੁਝ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਬੱਸ ਅਪਰੇਟਰਾਂ ਨੇ ਕੁੱਝ ਸਮਾਂ ਪਹਿਲਾਂ ਅੱਡਾ ਫ਼ੀਸ ਦੇਣੀ ਬੰਦ ਕਰ ਦਿੱਤੀ ਸੀ ਪਰ ਨਗਰ ਕੌਂਸਲ ਅਧਿਕਾਰੀਆਂ ਨੇ 28 ਮਾਰਚ 2024 ਨੂੰ ਬੱਸ ਅੱਡੇ ’ਚ ਚੌਕੀਦਾਰ ਰੱਖਣ, ਸੀਸੀਟੀਵੀ ਕੈਮਰੇ ਲਾਉਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦਾ ਵਾਅਦਾ ਕਰਕੇ ਅਪਰੇਟਰਾਂ ਨੂੰ ਮੁੜ ਫ਼ੀਸ ਅਦਾ ਕਰਨ ਲਈ ਮਨਾ ਲਿਆ ਸੀ।
ਉਨ੍ਹਾਂ ਦੱਸਿਆ ਕਿ ਚਾਰ ਮਹੀਨਿਆਂ ਬਾਅਦ ਵੀ ਬੱਸ ਅੱਡੇ ’ਚ ਨਗਰ ਕੌਂਸਲ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਐੱਸਡੀਐੱਮ ਅਪਰਨਾ ਐੱਮਬੀ ਨੂੰ ਸੌਂਪੇ ਮੰਗ ਪੱਤਰ ਵਿਚ ਮੰਗ ਕੀਤੀ ਕਿ ਕੰਡਕਟਰ ਦੇ ਹੋਏ ਨੁਕਸਾਨ ਦੀ ਨਗਰ ਕੌਂਸਲ ਮਾਲੇਰਕੋਟਲਾ ਭਰਪਾਈ ਕਰੇ, ਮਾਲੇਰਕੋਟਲਾ ਬੱਸ ਸਟੈਂਡ ਆਲੇ ਦੁਆਲੇ ਕੰਧ ਕੀਤੀ ਜਾਵੇ, ਆਉਣ- ਜਾਣ ਲਈ ਵੱਖਰੇ ਗੇਟ ਬਣਾ ਕੇ ਉਨ੍ਹਾਂ ’ਤੇ ਸੁਰੱਖਿਆ ਕਰਮੀ ਅਤੇ ਸੀਸੀਟੀਵੀ ਕੈਮਰੇ ਲਗਾਏ ਜਾਣ, ਰਾਤ ਨੂੰ ਡਰਾਈਵਰਾਂ ਤੇ ਕੰਡਕਟਰਾਂ ਦੇ ਸੌਣ ਲਈ ਵੱਖਰਾ ਪ੍ਰਬੰਧ ਕੀਤਾ ਜਾਵੇ। ਥਾਣਾ ਸ਼ਹਿਰੀ -1 ਦੀ ਪੁਲੀਸ ਨੇ ਕੰਡਕਟਰ ਦਵਿੰਦਰ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।