ਪੱਤਰ ਪ੍ਰੇਰਕ
ਭਵਾਨੀਗੜ੍ਹ, 21 ਮਾਰਚ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਪਿੰਡ ਕਾਲਾਝਾੜ ਦੀ ਅਨਾਜ ਮੰਡੀ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸਮਰਪਿਤ ਇਲਾਕਾ ਪੱਧਰੀ ਪੇਂਡੂ ਮਜ਼ਦੂਰ ਚੇਤਨਾ ਪੰਚਾਇਤ ਕਰਵਾਈ ਗਈ। ਇਹ ਪੰਚਾਇਤ ਲਖਵੀਰ ਸਿੰਘ ਲੌਂਗੋਵਾਲ, ਕਰਮ ਦਿਓਲ, ਬਲਕਾਰ ਸਿੰਘ, ਗੁਰਨਾਮ ਸਿੰਘ ਢੈਂਠਲ ਦੇ ਆਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਕੀਤੀ ਗਈ। ਪੰਚਾਇਤ ਦੀ ਸ਼ੁਰੂਆਤ ਵਿੱਚ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਉਪਰੰਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਅਤੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਕਿਹਾ ਕਿ ਪੇਂਡੂ ਦਲਿਤ ਬੇ-ਜ਼ਮੀਨਿਆਂ ਦਾ ਮਾਣ-ਸਨਮਾਨ ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ ਖ਼ਤਮ ਕੀਤੇ ਬਿਨਾਂ ਸੰਭਵ ਨਹੀਂ ਹੈ। ਆਗੁੂਆਂ ਨੇ ਅੱਗੇ ਕਿਹਾ ਕਿ ਇਹ ਚੇਤਨਾ ਪੰਚਾਇਤ ਸੱਦਾ ਦਿੰਦੀ ਹੈ ਕਿ ਦੱਸ ਦੱਸ ਮਰਲੇ ਪਲਾਟ ਅਤੇ ਉਸਾਰੀ ਲਈ ਪੰਜ- ਪੰਜ ਲੱਖ ਰੁਪਏ ਮਕਾਨ ਦੀ ਉਸਾਰੀ ਲਈ, ਛੋਟੀ ਅਤੇ ਗ਼ਰੀਬ ਕਿਸਾਨੀ ਦੀ ਲਹਿਰ ਨੂੰ ਅੱਗੇ ਵਧਾਉਣ ਲਈ ਜ਼ੋਰਦਾਰ ਹੰਭਲਾ ਮਾਰਿਆ ਜਾਵੇ।
ਇਸ ਮੌਕੇ ਸਟੇਜ ਤੋਂ 28 ਤੇ 29 ਮਾਰਚ ਨੂੰ ਟਰੇਡ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਭਾਕਿਯੂ (ਕ੍ਰਾਂਤੀਕਾਰੀ) ਦੇ ਆਗੂ ਰਣਜੀਤ ਸਵਾਜਪੁਰ, ਡੀਐੱਸਓ ਪੰਜਾਬ ਦੇ ਆਗੂ ਬਲਕਾਰ ਸਿੰਘ ਕਿੰਗਰਾ, ਲੋਕ ਸੰਗਰਾਮ ਮੋਰਚਾ ਪੰਜਾਬ ਦੇ ਆਗੂ ਸ਼ਿਵ ਰਤਨ ਤੇ ਪੱਲੇਦਾਰ ਯੂਨੀਅਨ ਆਜ਼ਾਦ ਦੇ ਕਰਮ ਦਿਓਲ ਆਦਿ ਨੇ ਸੰਬੋਧਨ ਕੀਤਾ। ਇਸ ਦੌਰਾਨ ਇਨਕਲਾਬੀ ਗੀਤ ਡੀਐਸਓ ਦੀ ਸੰਗੀਤ ਮੰਡਲੀ ਨੇ ਇਨਕਲਾਬੀ ਬਾਖ਼ੂਬੀ ਪੇਸ਼ ਕੀਤੇ।
ਇਸ ਮੌਕੇ ਪੀਪਲਜ਼ ਥੀਏਟਰ ਲਹਿਰਾਗਾਗਾ ਦੀ ਟੀਮ ਵੱਲੋਂ ਮਜ਼ਦੂਰਾਂ ਦੀ ਜ਼ਿੰਦਗੀ ‘ਤੇ ਅਧਾਰਿਤ ਨਾਟਕ ‘ਕਿਰਤੀ’ ਖੇਡਿਆ ਗਿਆ।