ਪੱਤਰ ਪ੍ਰੇਰਕ
ਸੰਗਰੂਰ, 4 ਜਨਵਰੀ
ਨਵੇਂ ਸਾਲ ਦੀ ਆਮਦ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪੰਜਾਬੀ ਸਾਹਿਤ ਰਤਨ ਡਾ. ਤੇਜਵੰਤ ਮਾਨ ਦਾ ਜਨਮ ਦਿਨ ਸਾਹਿਤਕ ਰੰਗ ਵਿੱਚ ਮਨਾਇਆ ਗਿਆ। ਇਸ ਮੌਕੇ ਡਾ. ਨਰਵਿੰਦਰ ਸਿੰਘ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿਚ ਡਾ. ਜਗਜੀਤ ਸਿੰਘ, ਡ. ਭਗਵੰਤ ਸਿੰਘ ਅਤੇ ਪਵਨ ਹਰਚੰਦਪੁਰੀ ਸ਼ਾਮਲ ਹੋਏ। ਸਮਾਗਮ ਦੌਰਾਨ ਸਾਹਿਤ ਸਭਾ ਸੁਨਾਮ, ਲਹਿਰਾ, ਸਾਹਿਤ ਸਭਾ ਧਨੌਲਾ, ਪੰਜਾਬੀ ਸਾਹਿਤ ਸਭਾ ਧੂਰੀ, ਮਲੇਰਕੋਟਲਾ ਦੇ ਪ੍ਰਮੁੱਖ ਅਹੁਦੇਦਾਰਾਂ ਅਤੇ ਸਾਹਿਤਕਾਰਾਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਮਾਨ ਨੇ ਕਿਹਾ ਕਿ ਸਾਹਿਤ ਨੂੰ ਸਮਝਣ ਲਈ ਆਨੰਦ ਪਾਠ ਅਤੇ ਪਾਠ ਆਨੰਦ ਦੇ ਫ਼ਰਕ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਮਾਜਿਕ ਅਧੋਗਤੀ ਲਈ ਸਾਹਿਤਕਾਰਾਂ ਦੀ ਵੀ ਜ਼ਿੰਮੇਵਾਰੀ ਹੈ। ਇਸ ਦੌਰਾਨ ਨਿਰਮਲ ਸਿੰਘ ਕਾਹਲੋਂ ਦੀ ਪੁਸਤਕ ‘ਭੱਥੇ ਦੇ ਤੀਰ’ ਰਿਲੀਜ਼ ਕੀਤੀ ਗਈ। ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਪ੍ਰੋ. ਮਿੱਠੂ ਪਾਠਕ, ਪ੍ਰੀਤ ਪਾਠਕ ਨੇ ਕਵੀਸ਼ਰੀ ਰਾਹੀਂ ਡਾ.ਮਾਨ ਦੀ ਸ਼ਖ਼ਸੀਅਤ ਨੂੰ ਉਭਾਰਿਆ। ਸਮਾਗਮ ਦੌਰਾਨ ਡਾ. ਮਾਨ ਦਾ ਸਨਮਾਨ ਕੀਤਾ ਗਿਆ।