ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਮਈ
ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਮੁਲਾਜ਼ਮਾਂ ਦੀਆਂ 36 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਖ਼ਿਲਾਫ਼ ਪ੍ਰਦਰਸ਼ਨ ਨੂੰ ਕਾਲਜ ਅੱਗੇ 137 ਦਿਨ ਹੋ ਗਏ ਅਤੇ ਐੱਸਡੀਐੱਮ ਦਫ਼ਤਰ ਅੱਗੇ ਦਿਨ ਰਾਤ ਦੇ ਧਰਨੇ ਨੂੰ 18 ਦਿਨ ਹੋ ਗਏ ਹਨ। ਅੱਜ ਦੇ ਧਰਨੇ ਮੌਕੇ ਹਰਵਿੰਦਰ ਕੌਰ ਨੇ ਕਿਹਾ, ‘‘ਸਾਨੂੰ ਵੋਟਾਂ ਪਾਉਣ ਨਾਲ ਕੀ ਮਿਲਿਆ? ਅਸੀਂ ਤਬਦੀਲੀ ਲਈ ਵੋਟਾਂ ਪਾਈਆਂ, ਸਰਕਾਰ ਬਦਲੀ, ਪਰ ਸਾਡੇ ਹਾਲਾਤ ’ਚ ਕੋਈ ਫਰਕ ਨਹੀਂ ਪਿਆ। ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਵੀ ਦਰੀਆਂ ’ਤੇ ਬੈਠੇ ਸੀ ਤੇ ਅੱਜ ਵੀ ਦਰੀਆਂ ’ਤੇ ਬੈਠੇ ਹਾਂ।’’ ਅਜੀਤ ਸਿੰਘ ਨੇ ਕਿਹਾ ਕਿ ਬੀਬੀ ਰਜਿੰਦਰ ਕੌਰ ਭੱਠਲ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਸਾਡੀ ਸੁਣਵਾਈ ਨਹੀਂ ਕੀਤੀ ਹੁਣ ਲੱਗਦਾ ਹੈ ਕਿ ਸਰਕਾਰ ਬਣਨ ਮਗਰੋਂ ਸ੍ਰੀ ਹਰਪਾਲ ਸਿੰਘ ਚੀਮਾ ਵੀ ਉਸੇ ਰਾਹ ’ਤੇ ਚੱਲ ਪਏ ਹਨ। ਉਨ੍ਹਾਂ ਕਿਹਾ, ‘‘ਹੱਕ ਲੈਣ ਲਈ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।’’ ਉਨ੍ਹਾਂ ਨੇ ਜਥੇਬੰਦੀ ਦੇ ਸਾਥ ਲਈ ਬੀਕੇਯੂ ਏਕਤਾ ਉਗਰਾਹਾਂ ਦਾ ਧੰਨਵਾਦ ਕੀਤਾ।