ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਸਤੰਬਰ
2015 ਦੇ ਆਈਏਐੱਸ ਅਧਿਕਾਰੀ ਸੰਦੀਪ ਰਿਸ਼ੀ ਨੇ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਵਜੋਂ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੁਲੀਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਦੀ ਅਗਵਾਈ ਹੇਠ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਗੁਲਦਸਤੇ ਭੇਟ ਕਰਦਿਆਂ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੰਦੀਪ ਰਿਸ਼ੀ ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਕਮਿਸ਼ਨਰ ਨਗਰ ਨਿਗਮ ਅਤੇ ਮੁੱਖ ਪ੍ਰਸ਼ਾਸਕ ਗਲਾਡਾ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਆਈਏਐੱਸ ਅਧਿਕਾਰੀ ਜਤਿੰਦਰ ਜੋਰਵਾਲ ਦੀ ਮੌਜੂਦਗੀ ਵਿੱਚ ਆਪਣੇ ਦਫ਼ਤਰ ਵਿਖੇ ਰਸਮੀ ਤੌਰ ’ਤੇ ਡਿਪਟੀ ਕਮਿਸ਼ਨਰ ਸੰਗਰੂਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਸੰਦੀਪ ਰਿਸ਼ੀ ਨੇ ਵਧੀਕ ਡਿਪਟੀ ਕਮਿਸ਼ਨਰ, ਸਮੂਹ ਉਪ ਮੰਡਲ ਮੈਜਿਸਟੇਰਟ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਜ਼ਿਲ੍ਹੇ ਦੇ ਮਹੱਤਵਪੂਰਨ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਸਰਕਾਰੀ ਵਿਭਾਗਾਂ ਵਿੱਚ ਕੰਮਕਾਰ ਕਰਵਾਉਣ ਆਉਂਦੇ ਲੋਕਾਂ ਨੂੰ ਸਾਫ਼ ਸੁਥਰੀਆਂ, ਸਮਾਂਬੱਧ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਡੀਸੀ ਦਾ ਸਵਾਗਤ
ਸੰਗਰੂਰ (ਖੇਤਰੀ ਪ੍ਰਤੀਨਿਧ): ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਲਾਲ ਚੰਦ ਸੈਣੀ, ਜਸਵੀਰ ਸਿੰਘ ਖ਼ਾਲਸਾ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਕਿਸ਼ੋਰੀ ਲਾਲ, ਆਰਐੱਲ ਪਾਂਧੀ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਰਾਜ ਕੁਮਾਰ ਬਾਂਸਲ, ਤਿਲਕ ਰਾਜ ਸਤੀਜਾ, ਸਤਦੇਵ ਸ਼ਰਮਾ, ਸਮਾਜ ਸੇਵੀ ਅਵਿਨਾਸ਼ ਸ਼ਰਮਾ ਅਤੇ ਗੋਬਿੰਦਰ ਸ਼ਰਮਾ ਮੌਜੂਦ ਸਨ।