ਮੁਕੰਦ ਸਿੰਘ ਚੀਮਾ
ਸੰਦੌੜ, 6 ਜੁਲਾਈ
ਇੱਥੇ ਅੱਜ ਪ੍ਰਸ਼ਾਸਨ ਨੇ ਆਈਲੈਟਸ ਸੈਂਟਰਾਂ ਦੀ ਚੈਕਿੰਗ ਕੀਤੀ। ਇਸ ਤਹਿਤ ਐੱਸਡੀਐੱਮ ਹਰਬੰਸ ਸਿੰਘ ਦੀ ਅਗਵਾਈ ਹੇਠ ਟੀਮ ਨੇ 3 ਸੈਂਟਰਾਂ ਨੂੰ ਸੀਲ ਕਰ ਦਿੱਤਾ। ਇਸ ਚੈਕਿੰਗ ਦੌਰਾਨ ਤਹਿਸੀਲਦਾਰ ਰਾਮ ਲਾਲ, ਥਾਣਾ ਸੰਦੌੜ ਦੇ ਮੁਖੀ ਐੱਸਐੱਚਓ ਗਗਨਦੀਪ ਸਿੰਘ ਵੀ ਮੌਜੂਦ ਸਨ। ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਪਤਾ ਚਲਦਿਆਂ ਹੀ ਕੁਝ ਸੈਂਟਰਾਂ ਦੇ ਮਾਲਕ ਤਾਂ ਸੈਂਟਰ ਬੰਦ ਕਰ ਕੇ ਭੱਜ ਗਏ। ਇਸ ਚੈਕਿੰਗ ਦੌਰਾਨ ਆਈਲੈਟਸ ਸੈਂਟਰ ਦੇ ਕਾਗਜ਼ਾਤ ਚੈੱਕ ਕੀਤੇ ਗਏ। ਐਸਡੀਐਮ ਹਰਬੰਸ ਸਿੰਘ ਅਹਿਮਦਗੜ੍ਹ ਨੇ ਦੱਸਿਆ ਕਿ ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਸੈਂਟਰਾਂ ਖਿਲਾਫ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਲਾਇਸੈਂਸ ਤਾਂ ਹਨ ਪਰ ਦਸਤਾਵੇਜ਼ਾਂ ਦੀ ਘਾਟ ਹੈ, ਉਨ੍ਹਾਂ ਨੂੰ ਤੁਰੰਤ ਪੂਰੇ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਇਸੈਂਸ ਧਾਰਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕੰਮ ਵਾਲੇ ਸਥਾਨ (ਮੁੱਖ ਦਫਤਰ/ਸ਼ਾਖਾਵਾਂ) ’ਤੇ ਲੱਗੇ ਫਰਮ ਦੇ ਇਸ਼ਤਿਹਾਰ ਬੋਰਡ ਸਮੇਤ ਸੋਸ਼ਲ ਮੀਡੀਆ ’ਤੇ ਕੀਤੇ ਜਾਂਦੇ ਪ੍ਰਚਾਰ ਸਮੇਂ ਅਧਿਕਾਰਤ ਲਾਇਸੈਂਸ ਨੰਬਰ ਦਰਜ ਕਰਨ ਨੂੰ ਯਕੀਨੀ ਬਣਾਉਣ। ਇਸ ਤੋਂ ਇਲਾਵਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਅਤੇ ਹਰ ਐਕਟ ਤਹਿਤ ਦਰਜ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਜੇਕਰ ਲਾਇਸੈਂਸ ਧਾਰਕ ਵੱਲੋਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਇਨ੍ਹਾਂ ਸੈਂਟਰਾਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਅੱਗ ਬੁਝਾਉਣ ਦੇ ਢੁਕਵੇਂ ਪ੍ਰਬੰਧ, ਸੁਰੱਖਿਆ ਸਰਟੀਫਿਕੇਟ, ਸਟਾਫ ਤੇ ਸਿਖਿਆਰਥੀਆਂ ਦੇ ਸ਼ਨਾਖ਼ਤੀ ਕਾਰਡ ਅਤੇ ਅਣਸੁਖਾਵੇਂ ਸਮੇਂ ਬਾਹਰ ਜਾਣ ਦੇ ਰਸਤੇ, ਪੁਰਸ਼ਾਂ ਅਤੇ ਔਰਤਾਂ ਲਈ ਵੱਖ-ਵੱਖ ਪਖਾਨੇ, ਕਾਰਜਸ਼ੀਲ ਸੀਸੀਟੀਵੀ ਕੈਮਰੇ, ਪਾਰਕਿੰਗ ਆਦਿ ਦੇ ਪੁਖਤਾ ਪ੍ਰਬੰਧ ਨੂੰ ਕਰਨ ਦੇ ਨਿਰਦੇਸ਼ ਦਿੱਤੇ ਗਏ।