ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਜੂਨ
ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਖੜ੍ਹੇ ਕੀਤੇ ਗਏ ਉਮੀਦਵਾਰ ਤੇ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਨੇ ਆਪਣੇ ਪਿੰਡ ਵਿੱਚ ਰੈਲੀ ਕਰਕੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਗੁਰਮੇਲ ਸਿੰਘ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਅਤੇ ਪਿੰਡ ਵਾਸੀਆਂ ਦੇ ਸਿਪਾਹੀ ਬਣ ਕੇ ਸੇਵਾ ਕਰਦੇ ਰਹਿਣਗੇ। ਵਿਧਾਇਕਭਰਾਜ ਨੇ ਪਿੰਡ ਵਾਸੀਆਂ ਅਤੇ ਪਾਰਟੀ ਵਾਲੰਟੀਅਰਾਂ ਨੂੰ ਗੁਰਮੇਲ ਸਿੰਘ ਦੀ ਚੋਣ ਮੁਹਿੰਮ ਨੂੰ ਆਪਣੀ ਚੋਣ ਸਮਝ ਕੇ ਚਲਾਉਣ ਦੀ ਅਪੀਲ ਕੀਤੀ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ‘ਲੋਕ ਸਭਾ ਹਲਕਾ ਸੰਗਰੂਰ ਦੇ ਵੋਟਰ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਉਸੇ ਤਰ੍ਹਾਂ ਦਾ ਹੀ ਹੁੰਗਾਰਾ ਦੇਣਗੇ, ਜਿਸ ਤਰ੍ਹਾਂ ਉਨ੍ਹਾਂ ਵਿਧਾਨ ਸਭਾ ਚੋਣਾਂ ਮੌਕੇ ਪਾਰਟੀ ਉਮੀਦਵਾਰਾਂ ਨੂੰ ਜਿਤਾ ਕੇ ਦਿੱਤਾ ਸੀ।’ ਇਹ ਗੱਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਸੰਗਰੂਰ ਤੋਂ ਜ਼ਿਮਨੀ ਚੋਣ ਲਈ ਐਲਾਨੇ ਉਮੀਦਵਾਰ ਗੁਰਮੇਲ ਸਿੰਘ ਨੇ ਆਪਣੀ ਪਹਿਲੀ ਮਾਲੇਰਕੋਟਲਾ ਫੇਰੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ। ਗੁਰਮੇਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੋਰਨਾਂ ਸਿਆਸੀ ਪਾਰਟੀਆਂ ਵਾਂਗ ਧਨ ਕੁਬੇਰਾਂ ਨੂੰ ਟਿਕਟਾਂ ਨਾਲ ਨਹੀਂ ਨਿਵਾਜ਼ਦੀ ਸਗੋਂ ਆਮ ਸਾਧਾਰਨ ਪਰਿਵਾਰਾਂ ਦੇ ਇਮਾਨਦਾਰ, ਪੜ੍ਹੇ-ਲਿਖੇ ਅਤੇ ਸਮਾਜ ਪ੍ਰਤੀ ਸੁਹਿਰਦ ਨੌਜਵਾਨਾਂ ਨੂੰ ਸਿਆਸਤ ’ਚ ਉਤਾਰ ਰਹੀ ਤਾਂ ਜੋ ਪੰਜਾਬ ਦੇ ਸਿਆਸੀ ਸਭਿਆਚਾਰ ਨੂੰ ਨਵੀਂ ਸੇਧ ਦਿੱਤੀ ਜਾ ਸਕੇ।
ਉਨ੍ਹਾਂ ਗਾਇਕ ਸਿੱਧੂ ਮੂਸੇ ਵਾਲੇ ਦੇ ਕਤਲ ਨੂੰ ਮੰਦਭਾਗੀ ਘਟਨਾ ਆਖਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਬਖ਼ਸ਼ੇਗੀ ਨਹੀਂ ਅਤੇ ਪੰਜਾਬ ਸਰਕਾਰ ਸੂਬੇ ਚੋਂ ਗੈਂਗਸਟਰ ਕਲਚਰ ਦੇ ਖ਼ਾਤਮੇ ਲਈ ਹਰ ਸੰਭਵ ਯਤਨ ਕਰ ਰਹੀ ਹੈ। ਮਾਲੇਰਕੋਟਲਾ ਤੋਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਗੁਰਮੇਲ ਸਿੰਘ ਨੂੰ ਭਰੋਸਾ ਦਿਵਾਇਆ ਕਿ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਉਨ੍ਹਾਂ ਨੂੰ ਭਾਰੀ ਬਹੁਮੱਤ ਨਾਲ ਜਿਤਾਇਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਇਕਬਾਲ ਫ਼ੌਜੀ, ਕੌਂਸਲਰ ਮੁਹਮੰਦ ਅਖ਼ਤਰ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ, ਜ਼ਿਲ੍ਹਾ ਪ੍ਰਧਾਨ ਮੁਹੰਮਦ ਜ਼ਫਰ, ਦਰਸ਼ਨ ਸਿੰਘ ਦਰਦੀ, ਮੁਹੰਮਦ ਅਸ਼ਰਫ, ਮੁਹੰਮਦ ਹਲੀਮ, ਮੁਹੰਮਦ ਦਾਊਦ ਅਤੇ ਮੁਹੰਮਦ ਸ਼ਮਸ਼ਾਦ ਆਦਿ ਹਾਜ਼ਰ ਸਨ।