ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਅਕਤੂਬਰ
ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਅਗਵਾਈ ਹੇਠ ਦਫ਼ਤਰੀ ਮੁਲਾਜ਼ਮਾਂ ਦੀ ਚੱਲ ਰਹੀ ਕਲਮਛੋੜ ਹੜਤਾਲ ਕਾਰਨ ਸਮੁੱਚਾ ਦਫ਼ਤਰੀ ਕੰਮਕਾਜ ਅੱਜ 11ਵੇਂ ਦਿਨ ਵੀ ਮੁਕੰਮਲ ਰੂਪ ਵਿਚ ਠੱਪ ਰਿਹਾ। ਹੜਤਾਲੀ ਦਫ਼ਤਰੀ ਮੁਲਾਜ਼ਮਾਂ ਵਲੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਰੈਲੀ ਕੀਤੀ ਗਈ। ਰੈਲੀ ਦੌਰਾਨ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਨੇ ਸਪੱਸ਼ਟ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੈਨਲ ਮੀਟਿੰਗ ਦਾ ਸਮਾਂ ਦੇ ਕੇ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ, ਉਦੋਂ ਤੱਕ ਕਲਮਛੋੜ ਹੜਤਾਲ ਦਾ ਸੰਘਰਸ਼ ਜਾਰੀ ਰਹੇਗਾ ਅਤੇ ਸਮੁੱਚਾ ਦਫ਼ਤਰੀ ਕੰਮਕਾਜ ਮੁਕੰਮਲ ਠੱਪ ਰਹੇਗਾ। 21 ਅਕਤੂਬਰ ਨੂੰ ਸ਼ਹਿਰਾਂ ਵਿਚ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ ਜਾਵੇਗਾ। ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਅੱਜ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿਖੇ ਇਕੱਠੇ ਹੋਏ ਜਿਥੇ ਰੋਸ ਰੈਲੀ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਪ੍ਰੈੱਸ ਸਕੱਤਰ ਅਨੁਜ ਸ਼ਰਮਾ, ਤਰਸੇਮ ਖੰਨਾ ਸਲਾਹਕਾਰ, ਸੰਦੀਪ ਕੌਰ ਫੂਡ, ਸੰਦੀਪ ਕੁਮਾਰ, ਬਲਵਿੰਦਰ ਅੱਤਰੀ ਚੇਅਰਮੈਨ, ਜਤਿੰਦਰਪਾਲ ਸਿੰਘ ਆਗੂ ਡੀਸੀ ਦਫਤਰ, ਮਨਪ੍ਰੀਤ ਕੌਰ ਤੇ ਕੁਲਵਿੰਦਰ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ। ਪ੍ਰੈੱਸ ਸਕੱਤਰ ਅਨੁਜ ਸ਼ਰਮਾ ਨੇ ਦੱਸਿਆ ਕਿ ਸੰਘਰਸ਼ ਦੀ ਲੜੀ ਤਹਿਤ ਭਲਕੇ 21 ਅਕਤੂਬਰ ਨੂੰ ਸ਼ਹਿਰ ਦੇ ਬਾਜਾਰਾਂ ਵਿੱਚੋਂ ਰੋਸ ਮਾਰਚ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਹਿਣੀ ਤੇ ਕਰਨੀ ਤੋਂ ਜਾਣੂ ਕਰਵਾਇਆ ਜਾ ਸਕੇ।