ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਅਕਤੂਬਰ
ਗੁਲਾਬੀ ਗੁੰਡੀ ਨਾਲ ਬਰਬਾਦ ਹੋਈ ਨਰਮੇ ਦੀ ਫਸਲ ਦਾ ਢੁੱਕਵਾਂ ਮੁਆਵਜ਼ਾ ਨਾ ਦੇਣ ਖ਼ਿਲਾਫ਼ ਭਾਕਿਯੂ ਏਕਤਾ ਉਗਰਾਹਾਂ ਵਲੋਂ ਸ਼ਹਿਰ ਵਿਚ ਜਿਥੇ ਪੰਜਾਬ ਸਰਕਾਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੰਤਰੀਆਂ ਦੇ ਲੱਗੇ ਫਲੈਕਸ ਬੋਰਡਾਂ ਉਪਰ ਕਾਲਖ ਪੋਚੀ ਗਈ ਉਥੇ ਕਾਂਗਰਸ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਲੀਡਰਾਂ ਨੂੰ ਪਿੰਡਾਂ ਵਿਚ ਵੜਨ ’ਤੇ ਤਿੱਖਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਬਦਲੇ ਕਿਸਾਨਾਂ ਨੂੰ ਪ੍ਰਤੀ ਏਕੜ 60 ਹਜ਼ਾਰ ਰੁਪਏ ਅਤੇ ਪ੍ਰਤੀ ਮਜ਼ਦੂਰ ਪਰਿਵਾਰ ਨੂੰ 30 ਹਜ਼ਾਰ ਰੁਪਏ ਮੁਆਵਜ਼ਾ ਨਹੀਂ ਦਿੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਸ਼ਹਿਰ ਵਿਚ ਬੱਸ ਸਟੈਂਡ ਨਜ਼ਦੀਕ, ਨਾਨਕਿਆਣਾ ਚੌਕ, ਭਗਵਾਨ ਮਹਾਂਵੀਰ ਚੌਕ, ਸ਼ਹੀਦ ਭਗਤ ਸਿੰਘ ਚੌਕ, ਰੇਲਵੇ ਚੌਕ ਸਣੇ ਹੋਰ ਥਾਵਾਂ ਜਿਥੇ ਮੁੱਖ ਮੰਤਰੀ ਪੰਜਾਬ, ਕੈਬਨਿਟ ਮੰਤਰੀਆਂ ਅਤੇ ਹੋਰ ਕਾਂਗਰਸੀ ਲੀਡਰਾਂ ਦੀਆਂ ਤਸਵੀਰਾਂ ਵਾਲੇ ਫਲੈਕਸ ਬੋਰਡ ਲੱਗੇ ਹੋਏ ਸਨ, ਉਨ੍ਹਾਂ ਉਪਰ ਅੱਜ ਭਾਕਿਯੂ ਏਕਤਾ ਉਗਰਾਹਾਂ ਦੀ ਟੀਮ ਵਲੋਂ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਦੀ ਅਗਵਾਈ ਹੇਠ ਕਾਲਖ ਪੋਚ ਦਿੱਤੀ। ਇਸ ਮੌਕੇ ਕਰਮਜੀਤ ਸਿੰਘ ਮੰਗਵਾਲ, ਭੋਲਾ ਸਿੰਘ ਗੁਰਦਾਸਪੁਰਾ, ਕੁਲਵਿੰਦਰ ਸਿੰਘ ਉਪਲੀ, ਬਲਦੇਵ ਸਿੰਘ ਬੱਗੂਆਣਾ ਤੋਂ ਇਲਾਵਾ ਅਨੇਕਾਂ ਕਿਸਾਨ ਮੌਜੂਦ ਸਨ।