ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਜੂਨ
ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਖੁਰਾਣਾ ਨਜ਼ਦੀਕ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋਈ ਆਲਟੋ ਕਾਰ ’ਚ ਸਵਾਰ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਗੰਭੀਰ ਜ਼ਖ਼ਮੀ ਹੋ ਗਏ ਹਨ। ਇਹ ਪਰਿਵਾਰ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਥਾਣਾ ਸਦਰ ਪੁਲੀਸ ਅਨੁਸਾਰ ਆਲਟੋ ਕਾਰ ’ਚ ਸਵਾਰ ਪਰਿਵਾਰ ਦੇ ਪੰਜ ਮੈਂਬਰ ਪਟਿਆਲਾ ਤੋਂ ਬਠਿੰਡਾ ਵੱਲ ਜਾ ਰਹੇ ਸੀ ਤਾਂ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਖੁਰਾਣਾ ਨਜ਼ਦੀਕ ਆਲਟੋ ਕਾਰ ਬੇਕਾਬੂ ਹੋ ਕੇ ਪੁਲੀ ਨਾਲ ਟਕਰਾਉਂਦੀ ਹੋਈ ਪਲਟ ਕੇ ਖਤਾਨਾ ਵਿਚ ਜਾ ਡਿੱਗੀ। ਕਾਰ ’ਚ ਅਤੁਲ ਪ੍ਰਾਸ਼ਰ, ਉਸ ਦਾ ਪਿਤਾ ਦਿਨੇਸ਼ ਬਾਬੋ, ਪਤਨੀ ਮੋਨਾ ਪ੍ਰਾਸ਼ਰ ਅਤੇ ਦੋ ਪੁੱਤਰ 7 ਅਤੇ 3 ਸਾਲ ਸਵਾਰ ਸਨ। ਹਾਦਸੇ ਵਿਚ ਪਿਤਾ ਦਿਨੇਸ਼ ਬਾਬੋ, ਪਤਨੀ ਮੋਨਾ ਰਾਣੀ ਅਤੇ ਇੱਕ ਬੱਚੇ ਦੀ ਮੌਤ ਹੋ ਗਈ ਹੈ, ਜਦੋਂ ਕਿ ਅਤੁਲ ਪ੍ਰਾਸ਼ਰ ਅਤੇ ਦੂਜੇ ਬੱਚੇ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਕਾਰ ਚਾਲਕ ਨੂੰ ਨੀਂਦ ਆਉਣ ਕਾਰਨ ਹਾਦਸਾ ਹੋਇਆ। ਥਾਣਾ ਸਦਰ ਪੁਲੀਸ ਦੇ ਤਫਤੀਸ਼ੀ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਸਿਵਲ ਹਸਪਤਾਲ ਪਹੁੰਚਾ ਦਿੱਤੀਆਂ ਹਨ। ਮ੍ਰਿਤਕ ਦੇ ਵਾਰਸਾਂ ਦੇ ਪੁੱਜਣ ’ਤੇ ਹੀ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।