ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਜੂਨ
ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਪੁਲੀਸ, ਟਰੈਫਿਕ ਤੇ ਸੜਕ ਸੁਰੱਖਿਆ ਏਐੱਸ ਰਾਏ ਵੱਲੋਂ ਜ਼ਿਲ੍ਹਾ ਸੰਗਰੂਰ ਦੀ ਟਰੈਫਿਕ ਪੁਲੀਸ ਨੂੰ ਆਵਾਜਾਈ ਪ੍ਰਬੰਧਨ ਵਿੱਚ ਮਿਆਰੀ ਸੁਧਾਰਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏਡੀਜੀਪੀ ਏ.ਐੱਸ. ਰਾਏ ਨੇ ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਹਿਲ, ਐੱਸਪੀ ਟਰੈਫਿਕ ਨਵਰੀਤ ਸਿੰਘ ਵਿਰਕ ਤੇ ਡੀਐੱਸਪੀ ਗੁਰਦੇਵ ਸਿੰਘ ਧਾਲੀਵਾਲ ਨੂੰ ਵਧਾਈ ਦਿੰਦਿਆਂ ਦਿੰਦਿਆਂ ਕਿਹਾ ਕਿ ਆਵਾਜਾਈ ਪ੍ਰਬੰਧਨ ਵਿੱਚ ਸੁਧਾਰਾਂ ਕਾਰਨ ਜਿਥੇ ਸੜਕ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੀ ਹੈ ਉਥੇ ਹੀ ਨਾਗਰਿਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਲਈ ਵੀ ਸੈਮੀਨਾਰਾਂ ਆਦਿ ਦੇ ਆਯੋਜਨ ਨਾਲ ਪ੍ਰੇਰਿਆ ਗਿਆ ਹੈ, ਜੋ ਕਿ ਸ਼ਲਾਘਾਯੋਗ ਹੈ। ਏਡੀਜੀਪੀ ਏ.ਐਸ ਰਾਏ ਨੇ ਜ਼ਿਲ੍ਹਾ ਟਰੈਫਿਕ ਇੰਚਾਰਜ ਐੱਸਆਈ ਪਵਨ ਕੁਮਾਰ, ਏਐੱਸਆਈ ਬਲਵਿੰਦਰ ਸਿੰਘ, ਹੈੱਡ ਕਾਂਸਟੇਬਲ ਬੇਅੰਤ ਸਿੰਘ, ਪੀਐੱਚਸੀ ਮਨਜੀਤ ਸਿੰਘ ਨੂੰ ਦਰਜਾ ਪਹਿਲਾ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਵੀ ਲੋਕ ਪੱਖੀ ਉਪਰਾਲਿਆਂ ਲਈ ਪ੍ਰੇਰਿਤ ਕੀਤਾ। ਏਡੀਜੀਪੀ ਸ੍ਰੀ ਰਾਏ ਵਲੋਂ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਸਨਮਾਨਿਤ ਕਰਨ ਉਪਰੰਤ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਚੱਲ ਰਹੇ ਈ-ਰਿਕਸ਼ਾ ਤੇ ਆਟੋ ਰਿਕਸ਼ਾ ਨਾਲ ਕਰਾਈਮ ਹੋਣ ਦੀਆਂ ਸੰਭਾਵਨਾਵਾਂ ਨੂੰ ਮੁਕੰਮਲ ਤੌਰ ’ਤੇ ਠੱਲ੍ਹ ਪਾਉਣ ਲਈ ਜ਼ਿਲ੍ਹਾ ਸੰਗਰੂਰ ਟਰੈਫਿਕ ਪੁਲੀਸ ਨੇ ਇੱਕ ਵਧੀਆ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਮ ਲੋਕਾਂ ਤੇ ਵਿਦਿਅਕ ਅਦਾਰਿਆਂ ਵਿੱਚ ਟਰੈਫਿਕ ਪੁਲੀਸ ਦੀਆਂ ਟੀਮਾਂ ਆਵਾਜਾਈ ਨਿਯਮਾਂ ਬਾਰੇ ਜਾਗਰੂਕਤਾ ਹਿੱਤ 150 ਦੇ ਕਰੀਬ ਸੈਮੀਨਾਰ ਲਗਵਾ ਚੁੱਕੀ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ।