ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਜੁਲਾਈ
ਪੰਜਾਬ ਪੁਲੀਸ ਭਰਤੀ 2016 ਦੀ ਵੇਟਿੰਗ ਲਿਸਟ ਕਲੀਅਰ ਕਰਕੇ ਨੌਕਰੀ ’ਤੇ ਜੁਆਇਨ ਕਰਾਉਣ ਦੀ ਮੰਗ ਪੂਰੀ ਕਰਾਉਣ ਲਈ ਭਰਤੀ ਉਮੀਦਵਾਰ ਦੋ ਲੜਕੀਆਂ ਇਥੇ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਨਜ਼ਦੀਕ ਮੋਬਾਈਲ ਟਾਵਰ ’ਤੇ ਚੜ੍ਹ ਗਈਆਂ, ਜਦੋਂ ਕਿ ਬਾਕੀ ਭਰਤੀ ਉਮੀਦਵਾਰਾਂ ਵਲੋਂ ਟਾਵਰ ਨਜ਼ਦੀਕ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬਾਅਦ ਦੁਪਹਿਰ ਕਰੀਬ ਇੱਕ ਵਜੇ ਭਰਤੀ ਉਮੀਦਵਾਰ ਦੋ ਲੜਕੀਆਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਡਰੀਮ ਲੈਂਡ ਕਲੋਨੀ ਨੇੜੇ ਸਿਧਾਣਾ ਸਾਹਿਬ ਲਿੰਕ ਸੜਕ ’ਤੇ ਮੋਬਾਈਲ ਟਾਵਰ ’ਤੇ ਚੜ੍ਹ ਗਈਆਂ, ਜਿਨ੍ਹਾਂ ’ਚ ਸਰਬਜੀਤ ਕੌਰ ਅਬੋਹਰ ਅਤੇ ਹਰਦੀਪ ਕੌਰ ਫਾਜ਼ਿਲਕਾ ਸ਼ਾਮਲ ਹਨ।
ਹੇਠਾਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵੇਟਿੰਗ ਲਿਸਟ ਭਰਤੀ ਉਮੀਦਵਾਰਾਂ ਦੇ ਪ੍ਰਮੁੱਖ ਅਮਨਦੀਪ ਸਿੰਘ, ਜਗਸੀਰ ਸਿੰਘ, ਲਖਵਿੰਦਰ ਸਿੰਘ, ਜਗਜੀਤ ਸਿੰਘ ਅਤੇ ਲਖਵੀਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਪੁਲੀਸ 2016 ਦੇ ਭਰਤੀ ਉਮੀਦਵਾਰ ਹਨ ਪਰ ਮੈਰਿਟ ਲਿਸਟ ਵਿਚ ਨਾਮ ਆਉਣ ਦੇ ਬਾਵਜੂਦ ਕੁੱਝ ਕਾਰਨਾਂ ਕਰਕੇ ਵੇਟਿੰਗ ਲਿਸਟ ਵਿਚ ਰੱਖ ਦਿੱਤਾ ਗਿਆ ਸੀ ਅਤੇ ਅੱਜ ਤੱਕ ਜੁਆਇਨ ਨਹੀਂ ਕਰਵਾਇਆ ਗਿਆ। ਭਰਤੀ ਉਮੀਦਵਾਰਾਂ ਦੇ ਸਾਰੇ ਦਸਤਾਵੇਜ਼ ਤਸਦੀਕ ਹੋ ਚੁੱਕੇ ਹਨ ਅਤੇ ਛੇ ਸਾਲ ਤੋਂ ਜੁਆਇਨਿੰਗ ਦੀ ਉਡੀਕ ਕਰ ਰਹੇ ਹਾਂ। ਦਸੰਬਰ-2022 ਵਿਚ ਕਰੀਬ ਸਵਾ ਤਿੰਨ ਸੌ ਉਮੀਦਵਾਰਾਂ ਨੂੰ ਜੁਆਇੰਨ ਕਰਵਾ ਲਿਆ ਸੀ ਪਰ ਸੱਤ ਸੌ ਉਮੀਦਵਾਰ ਜੁਆਇਨਿੰਗ ਤੋਂ ਵਾਂਝੇ ਹਨ। ਜਲੰਧਰ ਸੰਸਦੀ ਹਲਕੇ ਦੀ ਉਪ ਚੋਣ ਦੌਰਾਨ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਜਲਦ ਹੀ ਮਸਲੇ ਦਾ ਹੱਲ ਕੀਤਾ ਜਾਵੇਗਾ ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਮੁੜ ਸੰਘਰਸ਼ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਜਾਵੇ। ਦੋਵੇਂ ਭਰਤੀ ਉਮੀਦਵਾਰ ਲੜਕੀਆਂ ਮੋਬਾਈਲ ਟਾਵਰ ’ਤੇ ਚੜ੍ਹੀਆਂ ਹੋਈਆਂ ਹਨ, ਜਦੋਂ ਕਿ ਪੁਲੀਸ ਅਧਿਕਾਰੀਆਂ ਵਲੋਂ ਗੱਲਬਾਤ ਜਾਰੀ ਹੈ।