ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਸਤੰਬਰ
ਇਥੋਂ ਦੀ ਪੁਲੀਸ ਵਲੋਂ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਖ਼ਿਲਾਫ਼ ਫਰਵਰੀ ਮਹੀਨੇ ਵਿਚ ਦਰਜ ਹੋਏ ਦੋ ਕੇਸਾਂ ਵਿਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਦਾਲਤ ਸੰਗਰੂਰ ਵਲੋਂ ਦੋਵੇਂ ਕੇਸਾਂ ਵਿਚ ਸਿੰਗਲਾ ਨੂੰ 17 ਅਕਤੂਬਰ ਲਈ ਸੰਮਨ ਜਾਰੀ ਕੀਤੇ ਗਏ ਹਨ। ਥਾਣਾ ਸਿਟੀ ਪੁਲੀਸ ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ 9 ਫਰਵਰੀ 2022 ਨੂੰ ਫਲਾਇੰਗ ਸਕੁਐਡ ਟੀਮ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਚੈਕਿੰਗ ਕੀਤੀ ਸੀ ਜਿਥੇ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ 70/80 ਅਣਪਛਾਤੇ ਵਿਅਕਤੀਆਂ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਸੜਕ ਉਪਰ ਸਿਆਸੀ ਰੈਲੀ ਕਰ ਰਹੇ ਸੀ ਜਿਸ ਦੀ ਵੀਡੀਓਗ੍ਰਾਫ਼ੀ ਕੀਤੀ ਗਈ ਸੀ। ਇਸ ਤਰ੍ਹਾਂ ਬਿਨ੍ਹਾਂ ਪ੍ਰਵਾਨਗੀ ਤੋਂ ਮੀਟਿੰਗ ਕਰਨ ’ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ 12 ਫਰਵਰੀ 2022 ਦੀ ਰਾਤ ਨੂੰ ਵਿਜੈਇੰਦਰ ਸਿੰਗਲਾ ਵਲੋਂ ਬਿਨ੍ਹਾਂ ਇਜ਼ਾਜ਼ਤ ਅਤੇ ਕੋਵਿਡ-19 ਦੀਆਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ 200-250 ਜਣਿਆਂ ਦੀ ਰੈਲੀ ਕੀਤੀ ਗਈ। ਉਧਰ ਇਸ ਮਾਮਲੇ ’ਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੋਣ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਲੱਗੇ ਦੋਸ਼ਾਂ ਬਾਰੇ ਅੱਜ ਹੀ ਜਾਣਕਾਰੀ ਮਿਲੀ ਹੈ। ਉਨ੍ਹਾਂ ਨੂੰ ਅਦਾਲਤ ’ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਆਪਣੇ ਸਿਆਸੀ ਕੈਰੀਅਰ ਦੌਰਾਨ ਹੁਣ ਤੱਕ ਜਿੰਨੀਆਂ ਵੀ ਚੋਣਾਂ ਲੜੀਆਂ ਹਨ, ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਲੜੀਆਂ ਹਨ।