ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਅਕਤੂਬਰ
ਇੱਥੇ ਸਰਕਾਰੀ ਰਣਬੀਰ ਕਾਲਜ ਦੇ ਵਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧਾਂ ਹੇਠ ਚੱਲ ਰਹੇ ਖੇਤਰੀ ਸਰਸ ਮੇਲੇ ’ਚ ਪੰਜਾਬੀ ਲੋਕ ਗਾਇਕ ਰਣਜੀਤ ਬਾਵਾ ਦੀ ਸਟਾਰ ਨਾਈਟ ਸਿਖ਼ਰ ਹੋ ਨਬਿੜੀ। ਪਿਛਲੇ ਦਿਨਾਂ ਦੀਆਂ ਸਟਾਰ ਨਾਈਟਾਂ ਨਾਲੋਂ ਰਣਜੀਤ ਬਾਵਾ ਦੀ ਸਟਾਰ ਨਾਈਟ ’ਚ ਦਰਸ਼ਕਾਂ ਦਾ ਹੜ੍ਹ ਆਇਆ ਹੋਇਆ ਸੀ ਅਤੇ ਦੇਰ ਰਾਤ ਤੱਕ ਬਾਵਾ ਦੇ ਗੀਤਾਂ ਉਪਰ ਦਰਸ਼ਕ ਝੂਮਦੇ ਰਹੇ। ਸਟਾਰ ਨਾਈਟ ’ਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਅਤੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ।
ਸਟਾਰ ਨਾਈਟ ’ਚ ਰਣਜੀਤ ਬਾਵਾ ਨੇ ਆਪਣੇ ਚਰਚਿਤ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਗਾਇਕ ਰਣਜੀਤ ਬਾਵਾ ਨੇ ਹੈਵੀ ਵੇਟ ਭੰਗੜਾ, ਮਿਰਜ਼ਾ, ਯਾਰੀ ਚੰਡੀਗੜ੍ਹ ਵਾਲੀਏ, ਜੁੱਤੀ ਕਸੂਰੀ, ਵੰਝਲੀ ਵਜਾ ਆਦਿ ਸਮੇਤ ਹੋਰ ਗੀਤਾਂ ਨਾਲ ਆਪਣੀ ਗਾਇਕੀ ਦੇ ਰੰਗ ਬਿਖ਼ੇਰੇ। ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਤੋਂ ਪ੍ਰਭਾਵਿਤ ਹੁੰਦਿਆਂ ਗਾਇਕ ਰਣਜੀਤ ਬਾਵਾ ਨੇ ਖੁੱਲ੍ਹਦਿਲੀ ਨਾਲ ਗਾਇਆ ਅਤੇ ਲੋਕਾਂ ਦੀ ਫਰਮਾਇਸ਼ ਨੂੰ ਕਬੂਲ ਕਰਦਿਆਂ ਸ਼ਾਨਦਾਰ ਪੇਸ਼ਕਾਰੀ ਕੀਤੀ।
ਇਸ ਦੌਰਾਨ ਸਰਸ ਮੇਲੇ ’ਚ ਦਰਸ਼ਕਾਂ ਦੀ ਆਮਦ ਵੱਡੇ ਪੱਧਰ ’ਤੇ ਜਾਰੀ ਹੈ। ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਵੱਲੋਂ ਤਿਆਰ ਕੀਤੇ ਗਏ ਸਾਮਾਨ ਦੀ ਲੋਕ ਪੂਰੇ ਉਤਸ਼ਾਹ ਨਾਲ ਖਰੀਦਦਾਰੀ ਕਰ ਰਹੇ ਹਨ। ਸਰਸ ਮੇਲੇ ਤਹਿਤ ਖੇਡ ਮੈਦਾਨ ’ਚ ਲਗਾਏ ਵੰਨ ਸੁਵੰਨੇ ਝੂਲੇ ਵੀ ਬੱਚਿਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਸਟਾਰ ਨਾਈਟ ’ਚ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਅਨਮੋਲ ਸਿੰਘ ਧਾਲੀਵਾਲ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ ਅਤੇ ਸ਼ਹਿਰ ਦੀਆਂ ਕਈ ਸ਼ਖ਼ਸੀਅਤਾਂ ਵੀ ਮੌਜੂਦ ਸਨ।