ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 8 ਅਗਸਤ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਕੰਟਰੈਕਟ ’ਤੇ ਕੰਮ ਕਰਦੇ ਮਨਰੇਗਾ ਮੁਲਾਜ਼ਮਾਂ ਵੱਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਹੜਤਾਲ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਰੁਕ ਗਏ ਹਨ। ਇਸ ਕਰ ਕੇ ਇਨ੍ਹਾਂ ਮੁਲਾਜ਼ਮਾਂ ਦੇ ਹੱਕ ’ਚ ਦਿੜ੍ਹਬਾ ਬਲਾਕ ਦੇ ਸਰਪੰਚਾਂ ਸਣੇ ਪਿੰਡ ਕੌਹਰੀਆਂ ਤੇ ਹੋਰ ਪਿੰਡਾਂ ਦੇ ਮਨਰੇਗਾ ਮਜ਼ਦੂਰ ਵੀ ਆ ਗਏ ਹਨ।
ਕੌਹਰੀਆਂ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਰੇਗਾ ਮੁਲਾਜ਼ਮਾਂ ਦੇ ਸੰਘਰਸ਼ ਕਾਰਨ ਪਿੰਡਾਂ ਦੇ ਵਿਕਾਸ ਕੰਮਾਂ ਵਿੱਚ ਆਈ ਖੜੋਤ ਨਾਲ ਮਨਰੇਗਾ ਮਜ਼ਦੂਰਾਂ ਦੇ ਚੁੱਲ੍ਹੇ ਵੀ ਠੰਢੇ ਹੋ ਗਏ ਹਨ। ਉਧਰ, ਪੰਚਾਇਤ ਯੂਨੀਅਨ ਬਲਾਕ ਦਿੜ੍ਹਬਾ ਦੇ ਪ੍ਰਧਾਨ ਬਲਬੀਰ ਸਿੰਘ ਖਾਨਪੁਰ, ਸਵਰਨਜੀਤ ਕੌਰ ਚੇਅਰਮੈਨ ਬਲਾਕ ਸਮਿਤੀ, ਰਾਮ ਸਿੰਘ ਕਾਕੂਵਾਲਾ, ਹਰਮੀਤ ਸਿੰਘ ਸ਼ਾਦੀਹਰੀ, ਨੰਬਰਦਾਰ ਦਰਸ਼ਨ ਸਿੰਘ ਢੰਡੋਲੀਕਲਾਂ ਤੋਂ ਇਲਾਵਾ ਗੁਰਸ਼ਰਨ ਕੌਰ ਸਰਪੰਚ ਖਨਾਲਕਲਾਂ, ਕਸਮੀਰ ਸਿੰਘ ਲਾਡਬੰਨਜਾਰਾ ਕਲਾਂ, ਮਲਕੀਤ ਸਿੰਘ ਗੋਬਿੰਦਪੁਰਾ ਨਾਗਰੀ, ਅਮਰੀਕ ਸਿੰਘ ਘਨੋੜ ਜੱਟਾਂ, ਵਕੀਲ ਸਿੰਘ ਸਫ਼ੀਪੁਰਕਲਾਂ, ਹਰਮੀਤ ਸਿੰਘ ਸ਼ਾਦੀਹਰੀ, ਜਗਤਾਰ ਸਿੰਘ ਖੇਤਲਾ, ਹਰਵਿੰਦਰ ਸਿੰਘ ਦਿਆਲਗੜ੍ਹ, ਗੁਰਤੇਜ ਸਿੰਘ ਸੂਲਰ ਘਰਾਟ, ਬਲਦੇਵ ਸਿੰਘ ਮਹਿਲਾਂ, ਗੁਰਮੁੱਖ ਸਿੰਘ ਮਹਿਲਾਂ, ਜਸਕਰਨ ਸਿੰਘ ਕੜਿਆਲ, ਕਰਮਜੀਤ ਸਿੰਘ ਸਫੀਪੁਰ ਖੁਰਦ, ਜਸਵੀਰ ਸਿੰਘ ਜੱਸੀ ਮਹਿਲਾਂ, ਮੇਜਰ ਸਿੰਘ ਗੁੱਜਰਾਂ, ਗੁਰਜਿੰਦਰ ਸਿੰਘ ਸੂਲਰ ਸਾਰੇ ਸਰਪੰਚਾਂ ਨੇ ਮੁਲਾਜ਼ਮਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ।
ਉਨ੍ਹਾਂ ਦੱਸਿਆ ਕਿ ਮਨਰੇਗਾ ਮੁਲਾਜ਼ਮ 9 ਜੁਲਾਈ ਤੋਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਨਰੇਗਾ ਤਹਿਤ ਗ਼ਰੀਬ ਪਰਿਵਾਰਾਂ ਨੂੰ ਰੁਜ਼ਗਾਰ ਮਿਲਣ ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ। ਇਸ ਸਮੇਂ ਪੰਜਾਬ ਵਿੱਚ 18 ਲੱਖ ਪਰਿਵਾਰਾਂ ਦਾ ਚੁੱਲ੍ਹਾ ਮਨਰੇਗਾ ਨਾਲ ਹੀ ਭਖਦਾ ਹੈ ਕਿਉਂਕਿ ਨਰੇਗਾ ਤਹਿਤ ਬਜ਼ੁਰਗ ਤੇ ਮਹਿਲਾਵਾਂ ਨੂੰ ਵੀ ਬਰਾਬਰ ਦਿਹਾੜੀ ਮਿਲਦੀ ਹੈ। ਉਨ੍ਹਾਂ ਸਰਕਾਰ ਤੋਂ ਮਨਰੇਗਾ ਮੁਲਾਜ਼ਮਾਂ ਸਣੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਹੈ।