ਨਿਜੀ ਪੱਤਰ ਪ੍ਰੇਰਕ
ਸੰਗਰੂਰ, 25 ਮਾਰਚ
ਪੇਂਡੂ ਵਾਟਰ ਸਪਲਾਈ ਸਕੀਮਾਂ ਦੇ ਕਰੋੜਾਂ ਰੁਪਏ ਦੇ ਬਕਾਇਆ ਬਿਜਲੀ ਬਿਲਾਂ ਦੀ ਅਦਾਇਗੀ ਕਰਨ ਵਾਸਤੇ ਪੰਚਾਇਤ ਵਿਭਾਗ ਵਲੋਂ ਪਿੰਡਾਂ ਦੇ ਸਰਪੰਚਾਂ ਨੂੰ ਜਾਰੀ ਕੀਤੇ ਫੁਰਮਾਨਾਂ ਤੋਂ ਪੰਚਾਇਤਾਂ ਵਿਚ ਰੋਸ ਫੈਲ ਗਿਆ ਹੈ। ਪੰਚਾਇਤ ਵਿਭਾਗ ਦੇ ਇਸ ਫੁਰਮਾਨ ਤੋਂ ਖਫ਼ਾ ਸਰਪੰਚਾਂ ਨੇ ਪੰਚਾਇਤ ਯੂਨੀਅਨ ਦੀ ਅਗਵਾਈ ਹੇਠ ਮੀਟਿੰਗ ਕਰ ਕੇ ਜਿਥੇ ਬਿਜਲੀ ਬਿਲ ਭਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ, ਉਥੇ ਅੱਜ ਇਥੇ ਬੀਡੀਪੀਓ ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਬੀਡੀਪੀਓ ਦਫ਼ਤਰ ਅੱਗੇ ਰੋਸ ਧਰਨੇ ਨੂੰ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਵਿੰਦਰ ਰਿੰਕੂ, ਬਲਾਕ-ਏ ਦੇ ਪ੍ਰਧਾਨ ਜਸਵੀਰ ਸਿੰਘ ਛੰਨਾਂ, ਬਲਾਕ-ਬੀ ਦੀ ਪ੍ਰਧਾਨ ਕਿਰਨਜੀਤ ਕੌਰ, ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਹਰਭਜਨ ਸਿੰਘ ਦੁੱਗਾਂ, ਸਰਬਜੀਤ ਸਿੰਘ ਸਰਪੰਚ ਮੰਗਵਾਲ, ਰਾਵਿੰਦਰਪਾਲ ਸਿੰਘ ਗਰਚਾ ਸਰਪੰਚ, ਪਰਮਜੀਤ ਕੌਰ ਸਰਪੰਚ ਕੁੰਨਰਾਂ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਚਾਇਤ ਯੂਨੀਅਨ ਦੀ ਅਗਵਾਈ ਹੇਠ ਸਰਪੰਚਾਂ ਨੇ ਮੀਟਿੰਗ ਕਰ ਕੇ ਮਤਾ ਪਾਸ ਕੀਤਾ ਹੈ ਕਿ ਉਹ ਬਿਜਲੀ ਬਿਲਾਂ ਦੀ ਅਦਾਇਗੀ ਨਹੀਂ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ ਪੰਚਾਇਤ ਵਿਭਾਗ ਦੇ ਨਵੇਂ ਫੁਰਮਾਨਾਂ ਖ਼ਿਲਾਫ਼ ਅਤੇ ਹੋਰ ਮੰਗਾਂ ਨੂੰ ਲੈ ਕੇ 27 ਮਾਰਚ ਤੋਂ ਜ਼ਿਲ੍ਹੇ ਵਿੱਚ ਬਲਾਕ ਪੱਧਰ ’ਤੇ ਰੋਸ ਧਰਨੇ ਦਿੱਤੇ ਜਾਣਗੇ।
ਇਸ ਸਬੰਧ ਵਿਚ ਏਡੀਸੀ ਵਿਕਾਸ ਰਾਜਿੰਦਰ ਸਿੰਘ ਬੱਤਰਾ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਜਲੀ ਬਿਲਾਂ ਦੀ ਅਦਾਇਗੀ ਪੰਚਾਇਤਾਂ ਵਲੋਂ ਕੀਤੀ ਜਾਣੀ ਹੈ। ਉਧਰ, ਬੀਡੀਪੀਓ ਲੈਨਿਨ ਗਰਗ ਨੇ ਸਰਪੰਚਾਂ ਨੂੰ ਬਿਜਲੀ ਬਿਲਾਂ ਦੀ ਅਦਾਇਗੀ ਕਰਨ ਲਈ ਪੱਤਰ ਜਾਰੀ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਲਾਕ ਵਿਚ ਕਰੀਬ 73 ਪਿੰਡ ਹਨ ਅਤੇ ਕਰੋੜਾਂ ਰੁਪਏ ਦੇ ਬਿਜਲੀ ਬਿਲ ਬਕਾਇਆ ਹੈ।