ਪੱਤਰ ਪ੍ਰੇਰਕ
ਭਵਾਨੀਗੜ੍ਹ, 26 ਨਵੰਬਰ
ਇੱਥੋਂ ਥੋੜ੍ਹੀ ਦੂਰ ਨੈਸ਼ਨਲ ਹਾਈਵੇਅ ’ਤੇ ਪੀਜੀਆਈ ਹਸਪਤਾਲ ਘਾਬਦਾਂ ਨੇੜੇ ਬੀਤੀ ਸ਼ਾਮ ਕਾਰ ਵੱਲੋਂ ਸਕੂਟਰੀ ਨੂੰ ਟੱਕਰ ਮਾਰ ਦੇਣ ਕਾਰਨ ਸਕੂਲੀ ਬੱਚੇ ਦੀ ਮੌਤ ਹੋ ਗਈ ਅਤੇ ਉਸ ਦਾ ਦਾਦਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਮ੍ਰਿਤਕ ਬੱਚੇ ਨੀਰਜ ਸ਼ਰਮਾ ਦੇ ਪਿਤਾ ਹਰਦੀਪ ਸ਼ਰਮਾ ਵਾਸੀ ਘਾਬਦਾਂ ਨੇ ਦੱਸਿਆ ਕਿ ਨੀਰਜ ਅਲਪਾਈਨ ਸਕੂਲ ਭਵਾਨੀਗੜ੍ਹ ਵਿੱਚ ਚੌਥੀ ਜਮਾਤ ’ਚ ਪੜ੍ਹਦਾ ਸੀ। ਸਕੂਲ ਸਮੇਂ ਤੋਂ ਬਾਅਦ ਭਵਾਨੀਗੜ੍ਹ ਵਿੱਚ ਹੀ ਟਿਊਸ਼ਨ ਪੜ੍ਹਨ ਲਈ ਜਾਂਦਾ ਸੀ। ਅੱਜ ਸ਼ਾਮ ਨੂੰ ਨੀਰਜ ਆਪਣੇ ਦਾਦਾ ਜੀਤ ਰਾਮ ਸ਼ਰਮਾ ਨਾਲ ਟਿਊਸ਼ਨ ਪੜ੍ਹ ਕੇ ਸਕੂਟਰੀ ’ਤੇ ਘਰ ਪਰਤ ਰਿਹਾ ਸੀ ਕਿ ਘਾਬਦਾਂ ਫੈਕਟਰੀ ਤੋਂ ਅੱਗੇ ਪੀਜੀਆਈ ਹਸਪਤਾਲ ਨੇੜੇ ਕੱਟ ਕੋਲ ਪਿੱਛੋਂ ਆਉਂਦੀ ਕਾਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦੇ ਦਾਦਾ ਜੀਤ ਰਾਮ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨੀਰਜ ਸ਼ਰਮਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਘਟਨਾ ਸਬੰਧੀ ਬਾਲੀਆਂ ਪੁਲੀਸ ਨੇ ਕਾਰਵਾਈ ਆਰੰਭ ਦਿੱਤੀ।
ਹਾਦਸੇ ’ਚ ਕਾਰ ਚਾਲਕ ਜ਼ਖ਼ਮੀ
ਲਹਿਰਾਗਾਗਾ (ਪੱਤਰ ਪ੍ਰੇਰਕ): ਲਹਿਰਾਗਾਗਾ-ਮੂਨਕ ਮੁੱਖ ਸੜਕ ’ਤੇ ਲੇਹਲ ਕਲਾਂ ਕੋਲ ਰੋਡਵੇਜ਼ ਦੀ ਬੱਸ ਵੱਲੋਂ ਸਵਿੱਫਟ ਕਾਰ ਨੂੰ ਟੱਕਰ ਮਾਰ ਦੇਣ ਕਾਰ ਖੇਤਾਂ ’ਚ ਪਲਟ ਗਈ ਜਿਸ ਕਾਰਨ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਕੁਲਵਿੰਦਰ ਸਿੰਘ ਵਾਸੀ ਸਲੇਮਗੜ੍ਹ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਜਿਥੇ ਉਸ ਨੂੰ ਜ਼ਿਲ੍ਹਾ ਹਸਪਤਾਲ ਸੰਗਰੂਰ ’ਚ ਇਲਾਜ ਲਈ ਭੇਜ ਦਿੱਤਾ ਗਿਆ ਹੈ। ਐੱਸਐੱਚਓ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਬੱੱਸ ਡਰਾਈਵਰ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।