ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਜੁਲਾਈ
ਮਾਲੇਰਕੋਟਲਾ ਸ਼ਹਿਰ ਵਿਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਮੈਡੀਕਲ ਸਰਵੇਖਣ ਕਰਵਾਇਆ ਜਾ ਰਿਹਾ ਹੈ ਪਰ ਸ਼ਹਿਰ ਵਾਸੀਆਂ ਵੱਲੋਂ ਖ਼ੁਦ ਆਪਣੀ ਮੈਡੀਕਲ ਜਾਂਚ ਕਰਵਾਉਣ ਲਈ ਅੱਗੇ ਨਾ ਆਉਣ ਕਾਰਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇ ਮੱਦੇਨਜ਼ਰ ਅੱਜ ਮਾਲੇਰਕੋਟਲਾ ਦੇ ਐੱਸਡੀਐੱਮ ਵਿਕਰਮਜੀਤ ਪਾਂਥੇ ਨੇ ਸਰਹੰਦੀ ਗੇਟ, ਅਰਾਈਆਂ ਵਾਲਾ ਮੁਹੱਲਾ, ਰਾਜਾਂ ਮੁਹੱਲਾ ਵਿੱਚ ਪੁੱਜ ਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਡਾਕਟਰੀ ਜਾਂਚ ਕਰਵਾਉਣ ਤੋਂ ਬਿਲਕੁਲ ਨਾ ਘਬਰਾਉਣ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚੋਂ ਕਰੋਨਾਵਾਇਰਸ ਦੀ ਚੇਨ ਤੋੜਨ ਲਈ ਸਰਹੰਦੀ ਦਰਵਾਜ਼ੇ ’ਤੇ ਡਾਕਟਰੀ ਜਾਂਚ ਕੈਂਪ ਵਿੱਚ ਲਗਾਇਆ ਗਿਆ ਹੈ। ਮੁਹੱਲਾ ਵਾਸੀ ਖ਼ੁਦ ਆਪਣੇ-ਆਪ ਅੱਗੇ ਆ ਕੇ ਆਪਣੀ ਡਕਟਰੀ ਜਾਂਚ ਕਰਵਾਉਣ ਤਾਂ ਜੋ ਕਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੂੰ ਸਮੇਂ ਸਿਰ ਡਾਕਟਰੀ ਸਹੂਲਤ ਦਿੱਤੀ ਜਾ ਸਕੇ ਤੇ ਵਾਇਰਸ ਦੀ ਚੇਨ ਤੋੜੀ ਜਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਵਾਸੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਕੋਈ ਵਿਸ਼ਵਾਸ ਨਾ ਕਰਨ।