ਪੱਤਰ ਪ੍ਰੇਰਕ
ਭਵਾਨੀਗੜ੍ਹ, 10 ਨਵੰਬਰ
ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਮਿਆਰੀ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਐੱਸਡੀਐੱਮ ਡਾ. ਕਰਮਜੀਤ ਸਿੰਘ ਨੇ ਭਵਾਨੀਗੜ੍ਹ ਸ਼ਹਿਰ ਦੇ ਮਠਿਆਈ ਵਿਕਰੇਤਾਵਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਿਹਤ ਵਿਭਾਗ ਤੋਂ ਫੂਡ ਸੇਫਟੀ ਅਫ਼ਸਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਡਾ. ਕਰਮਜੀਤ ਸਿੰਘ ਨੇ ਮਠਿਆਈ ਵਿਕਰੇਤਾਵਾਂ ਨੂੰ ਲੋਕਾਂ ਨੂੰ ਸਾਫ਼ ਸੁਥਰਾ ਅਤੇ ਮਿਆਰੀ ਪਦਾਰਥ ਵੇਚਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਆਲੇ-ਦੁਆਲੇ ਅਤੇ ਅੰਦਰ ਸਫ਼ਾਈ ਦਾ ਵਿਸੇਸ ਧਿਆਨ ਰੱਖਿਆ ਜਾਵੇ। ਇਸ ਤੋ ਇਲਾਵਾ ਫੂਡ ਸੇਫਟੀ ਐਂਡ ਸਟੈਡਰਡ ਐਕਟ ਦੀਆਂ ਧਾਰਵਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਐੱਫਐੱਸਐੱਸਏਆਈ ਵੱਲੋ ਨਿਰਧਾਰਤ ਫੂਡ ਲਾਇਸੈਂਸ ਲੈਣਾ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮਠਿਆਈਆਂ ਵੇਚਣ ਸਮੇਂ ਦੁਕਾਨਦਾਰ ਮਠਿਆਈ ਦੇ ਡੱਬੇ ਨੂੰ ਵਿੱਚ ਨਾ ਤੋਲਣ। ਇਸ ਮੌਕੇ ਫੂਡ ਸੇਫਟੀ ਅਫ਼ਸਰ ਸੰਦੀਪ ਸਿੰਘ ਨੇ ਦੁਕਾਨਾਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਦਾਰੇ ਦਾ ਫੂਡ ਸਫੇਟੀ ਲਾਇਸੈਂਸ ਅਤੇ ਗਾਹਕਾਂ ਦੀ ਜਾਣਕਾਰੀ ਹਿੱਤ 12 ਗੋਲਡਨ ਰੂਲਾਂ ਬਾਰੇ ਫੂਡ ਸੇਫਟੀ ਬੋਰਡ ਯੋਗ ਸਥਾਨ ’ਤੇ ਲਗਾਉਣ। ਇਸ ਮੌਕੇ ਸਮੂਹ ਦੁਕਾਨਦਾਰਾਂ ਨੇ ਯਕੀਨ ਦਿਵਾਇਆ ਕਿ ਜੱਥੇਬੰਦੀ ਦਾ ਕੋਈ ਵੀ ਮੈਂਬਰ ਮਾੜਾ ਖੁਰਾਕ ਪਦਾਰਥ ਨਹੀਂ ਵੇਚੇਗਾ ਅਤੇ ਪਬਲਿਕ ਹਿੱਤ ਵਿਚ ਐੱਫਐੱਸਐੱਸਏਆਈ ਵੱਲੋਂ ਨਿਰਧਾਰਤ ਮਾਪਦੰਡਾਂ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਵੇਗਾ ਅਤੇ ਮਹਿਕਮੇ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਐੱਸਐੱਮਓ ਡਾ. ਮਹਿੰਦਰ ਸਿੰਘ, ਕਾਰਜਸਾਧਕ ਅਫਸਰ, ਭਵਾਨੀਗੜ੍ਹ ਰਾਜ ਕੁਮਾਰ, ਸੁਖਦੀਪ ਕੌਰ ਮੌਜੂਦ ਸਨ।