ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 31 ਅਗਸਤ
ਜਾਗਦਾ ਪੰਜਾਬ ਮਿਸ਼ਨ ਜ਼ੋਨ ਦਿੜ੍ਹਬਾ ਵੱਲੋਂ ਗਾਇਕ ਪਰਮਜੀਤ ਸਿੰਘ ਪੰਮੀ ਬਾਈ ਦੀ ਅਗਵਾਈ ਹੇਠ ਗੀਤਾ ਭਵਨ ਦਿੜ੍ਹਬਾ ਵਿਚ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਅਫ਼ਗਾਨਿਸਤਾਨ ਬਣਨ ਜਾ ਰਿਹਾ ਹੈ ਕਿਉਂਕਿ ਅੱਜ ਜਿਹੜਾ ਕਾਰਪੋਰੇਟ ਸਿਸਟਮ ਚੱਲ ਰਿਹਾ ਹੈ, ਇਸ ਦੇ ਮੁਕਾਬਲੇ ਕੋਈ ਹੋਰ ਸਿਸਟਮ ਖੜ੍ਹਾ ਕਰਨਾ ਚਾਹੀਦਾ ਹੈ। ਪਰ ਜਾਗਦਾ ਪੰਜਾਬ ਵਿੱਚੋਂ ਪੰਜਾਬ ਦਾ ਭਵਿੱਖ ਨਜ਼ਰ ਆ ਰਿਹਾ ਹੈ ਕਿਉਂਕਿ ਜਾਗਦਾ ਪੰਜਾਬ ਅਜਿਹੀ ਲਹਿਰ ਖੜ੍ਹੀ ਕਰ ਰਿਹਾ ਹੈ, ਜਿਸ ਨਾਲ ਪੰਜਾਬ ਵਿੱਚ ਯੋਧੇ ਪੈਦਾ ਹੋਣਗੇ ਤੇ ਪੰਜਾਬ ਵਿੱਚ ਵੱਡਾ ਬਦਲਾਅ ਆਵੇਗਾ।
ਜਾਗਦਾ ਪੰਜਾਬ ਦੇ ਪ੍ਰਧਾਨ ਡਾ. ਕਰਮਜੀਤ ਸਿੰਘ ਸਰਾਂ ਨੇ ਕਿਹਾ ਕਿ ਉਨ੍ਹਾਂ ਨੇ ਵੱਖ ਵੱਖ ਅਹੁਦਿਆਂ ’ਤੇ ਰਹਿੰਦਿਆਂ ਦੇਖਿਆ ਹੈ ਕਿ ਰਾਜਨੀਤਕ ਲੀਡਰਾਂ ਦਾ ਲੋਕਾਂ ਪ੍ਰਤੀ ਨਜ਼ਰੀਆ ਠੀਕ ਨਹੀਂ। ਇਸ ਕਰ ਕੇ ਰਾਜਨੀਤਕ ਲੋਕਾਂ ਦਾ ਆਮ ਲੋਕਾਂ ਪ੍ਰਤੀ ਇਸ ਨਜ਼ਰੀਏ ਦੇ ਬਦਲਾਅ ਲਈ ਜਾਗਦਾ ਪੰਜਾਬ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਕਾਰਪੋਰੇਟ ਸੈਂਟਰ ਦੀਆਂ ਜੜ੍ਹਾਂ ਪੁੱਟਣ ਲਈ ਜਿਹੜਾ ਅੰਦੋਲਨ ਕਿਸਾਨ ਲੜ ਰਹੇ ਹਨ, ਇਹ ਸਿਆਸਤ ਨੂੰ ਲੜਨਾ ਚਾਹੀਦਾ ਸੀ। ਕਿਸਾਨ ਦੋ ਵੱਡੀਆਂ ਚੀਜ਼ਾਂ ਇੱਕ ਕਾਰਪੋਰੇਟ ਸਿਸਟਮ ਖ਼ਿਲਾਫ਼ ਅਤੇ ਦੂਜਾ ਫੈਡਲਿਜ਼ਮ ਦੀ ਲੜਾਈ ਤੇ ਲੜ ਰਹੇ ਹਨ।
ਡਾ. ਹਰਕੇਸ਼ ਸਿੰਘ ਸਿੱਧੂ, ਅਮਰਜੀਤ ਸਿੰਘ ਵਾਲੀਆ, ਬਿਕਰਮ ਸਿੰਘ ਬਾਜਵਾ ਤੇ ਕੈਪਟਨ ਉੱਤਮ ਸਿੰਘ ਨੇ ਜਾਗਦਾ ਪੰਜਾਬ ਦੇ ਕਾਰਜ ਦੀ ਸ਼ਲਾਘਾ ਕੀਤੀ। ਡਾ. ਰਾਜਿੰਦਰ ਸਿੰਘ ਰਾਜੀ ਡਾਇਰੈਕਟਰ ਸਹਾਇਤਾ ਐਨਜੀਓ ਨੇ ਦੱਸਿਆ ਕਿ ਸਹਾਇਤਾ ਐਨਜੀਓ ਪੰਜਾਬ ਵਿੱਚ 1700 ਲੋੜਵੰਦ ਬੱਚਿਆਂ ਦੀ ਸਮੁੱਚੀ ਪੜ੍ਹਾਈ ਦਾ ਖ਼ਰਚਾ ਚੁੱਕ ਰਹੀ ਹੈ। ਸਮਾਗਮ ਨੂੰ ਬਾਬੂ ਸਿੰਘ ਬਰਾੜ, ਸਤਨਾਮ ਪੰਜਾਬੀ ਆਦਿ ਨੇ ਵੀ ਸੰਬੋਧਨ ਕੀਤਾ।
ਸਮਾਗਮ ਵਿੱਚ ਜਸਵਿੰਦਰ ਸਿੰਘ ਸੁਨਾਮੀ, ਜੀਤ ਸਿੰਘ ਕਪਿਆਲ, ਆਈਡੀਪੀ ਦੇ ਸੂਬਾ ਆਗੂ ਕਰਨੈਲ ਸਿੰਘ ਜਖੇਪਲ, ਤਰਲੋਚਨ ਸਿੰਘ ਆਦਿ ਹਾਜ਼ਰ ਸਨ। ਅੰਤ ਵਿੱਚ ਜ਼ੋਨ ਦਿੜ੍ਹਬਾ ਦੇ ਪ੍ਰਧਾਨ ਰਣਜੀਤ ਸਿੰਘ ਨੇੇ ਸਾਰਿਆਂ ਦਾ ਧੰਨਵਾਦ ਕੀਤਾ।