ਜਗਤਾਰ ਸਿੰਘ ਨਹਿਲ
ਲੌਂਗੋਵਾਲ, 22 ਮਾਰਚ
23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਇਨਕਲਾਬੀ ਕਵੀ ਪਾਸ਼ ਦੀ ਸ਼ਹਾਦਤ ਨੂੰ ਸਮਰਪਿਤ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਨੇ ਸਰਕਾਰ ਵੱਲੋਂ ਕੀਤੀਆਂ ਕਿਰਤ ਕਾਨੂੰਨਾਂ ਵਿੱਚ ਸੋਧਾਂ ਅਤੇ ਤਿੰਨ ਨਵੇਂ ਬਣਾਏ ਖੇਤੀ ਕਾਨੂੰਨਾਂ ’ਤੇ ਸੈਮੀਨਾਰ ਕਰਵਾਇਆ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਏ ਗਏ ਇਸ ਸੈਮੀਨਾਰ ਵਿੱਚ ਉੱਘੇ ਮਾਰਕਸੀ ਚਿੰਤਕ ਅਤੇ ਜਮਹੂਰੀ ਅਧਿਕਾਰ ਸਭਾ ਹਰਿਆਣਾ ਦੇ ਕਨਵੀਨਰ ਡਾ. ਸੁਖਦੇਵ ਹੁੰਦਲ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਿਲ ਹੋਏ । ਉਨ੍ਹਾਂ ਕਿਹਾ ਕਿ ਜਿੱਥੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਿਰਤੀਆਂ ਦੀ ਲੁੱਟ ਅਤੇ ਸੋਸ਼ਣ ਦਾ ਰਾਹ ਪੱਧਰਾ ਕਰਦੀਆਂ ਹਨ ਉਥੇ ਖੇਤੀ ਸੁਧਾਰਾਂ ਦੇ ਨਾਂ ਤੇ ਬਣਾਏ ਕਾਨੂੰਨ ਕਿਰਤੀ, ਕਿਸਾਨਾਂ ਅਤੇ ਛੋਟੇ ਵਪਾਰੀਆਂ ਦਾ ਉਜਾੜਾ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਭਰ ਦੇਣਗੇ। ਸੰਸਥਾ ਦੇ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਨੇ ਸੰਸਥਾ ਦੇ ਉਦੇਸ਼ਾਂ ’ਤੇ ਚਾਨਣਾ ਪਾਉਦਿਆਂ ਜੀ ਆਇਆਂ ਕਿਹਾ। ਸਵਾਲ ਜਵਾਬ ਸੈਸ਼ਨ ਦੌਰਾਨ ਇਨਜਿੰਦਰ ਖੀਵਾ, ਡਾ. ਆਰ. ਕੇ. ਯਾਦਵ, ਸੁਖਜਿੰਦਰ ਸਿੰਘ , ਅਰਵਿੰਦ , ਦਾਤਾ ਨਮੋਲ, ਜਸਵੰਤ ਰਾਏ ਅਤੇ ਲੈਕਚਰਾਰ ਦਵਿੰਦਰ ਹਰਿਆਣਾ ਨੇ ਹਿੱਸਾ ਲਿਆ।