ਕਰਮਵੀਰ ਸੈਣੀ
ਮੂਨਕ, 5 ਫਰਵਰੀ
ਅਕਾਲੀ ਦਲ (ਸੰਯੁਕਤ) ਦੇ ਐੱਸ.ਸੀ. ਵਿੰਗ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਡੂਡੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਸਮਰਥਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੰਯੁਕਤ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਕਾਰਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਅੱਜ ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਮੂਨਕ ਸਥਿਤ ਚੋਣ ਦਫਤਰ ਵਿੱਚ ਪਹੁੰਚੇ ਜਸਵੀਰ ਸਿੰਘ ਡੂਡੀਆਂ ਦਾ ਭਾਈ ਲੌਂਗੋਵਾਲ ਨੇ ਸਿਰੋਪਾ ਪਾ ਕੇ ਅਕਾਲੀ ਦਲ ਵਿਚ ਆਉਣ ’ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਵਰਕਰ ਤੇ ਆਗੂ ਦਾ ਪੂਰਾ ਮਾਣ-ਤਾਣ ਕੀਤਾ ਜਾਵੇਗਾ। ਇਸ ਮੌਕੇ ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ, ਸਰਬਜੀਤ ਸਿੰਘ ਸਰਪੰਚ ਸੁਰਜਨ ਭੈਣੀ ਤੇ ਜਸਪਾਲ ਸਿੰਘ ਦੇਹਲਾਂ ਵੀ ਹਾਜ਼ਰ ਸਨ।
ਕੌਂਸਲਰ ਨੂੰਹ-ਸਹੁਰੇ ਸਮੇਤ ਕਈ ਜਣੇ ‘ਆਪ’ ਵਿੱਚ ਸ਼ਾਮਲ
ਪਾਤੜਾਂ (ਪੱਤਰ ਪ੍ਰੇਰਕ): ਨਗਰ ਕੌਂਸਲ ਚੋਣਾਂ ਦੌਰਾਨ ਆਜ਼ਾਦ ਜਿੱਤੇ ਨੂੰਹ ਅਤੇ ਸਹੁਰੇ ਸਮੇਤ ਕੁਝ ਅਗਰਵਾਲ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਨੇ ‘ਆਪ’ ਵਿੱਚ ਸ਼ਮੂਲੀਅਤ ਕੀਤੀ ਹੈ। ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਕੌਂਸਲਰ ਭਗਵਤ ਦਿਆਲ ਨਿੱਕਾ, ਉਨ੍ਹਾਂ ਦੀ ਨੂੰਹ ਪ੍ਰੀਤੀ ਜੈਨ ਅਤੇ ਸਾਬਕਾ ਕੌਂਸਲਰ ਗੁਰਦੀਪ ਕੌਰ ਭੰਗੂ ਦਾ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਸਵਾਗਤ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ’ਚ ਸੁਨੀਲ ਕੁਮਾਰ, ਭਗਵਾਨ ਦਾਸ ਗਰਗ, ਸੰਦੀਪ ਸਿੰਗਲਾ, ਗੁਰਮੁੱਖ ਸਿੰਘ ਫੌਜੀ, ਅਜੈ ਸਿੰਗਲਾ , ਚਿਮਨ ਲਾਲ ਸਿੰਗਲਾ, ਲਾਲ ਗੋਇਲ, ਰਾਕੇਸ਼ ਕੁਮਾਰ ਗਰਗ ਤੇ ਰਾਮ ਦਾਸ ਅਗਰਵਾਲ ਆਦਿ ਸਨ।
ਕੌਂਸਲਰ ਸ਼ੰਮੀ ਡੈਂਟਰ ਪੀਐੱਲਸੀ ਵਿੱਚ ਸ਼ਾਮਲ
ਕਾਂਗਰਸ ਦੀ ਸ਼ਹਿਰੀ ਇਕਾਈ ਪਟਿਆਲਾ ਨੂੰ ਉਸ ਵੇਲ਼ੇ ਝਟਕਾ ਲੱਗਿਆ, ਜਦੋਂ ਵਾਰਡ ਨੰਬਰ 36 ਤੋਂ ਕਾਂਗਰਸੀ ਕੌਂਸਲਰ ਸ਼ੰਮੀ ਡੈਂਟਰ ਸਾਥੀਆਂ ਸਮੇਤ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ ਹੋ ਗਏ। ਇਨ੍ਹਾਂ ਦਾ ਸਾਬਕਾ ਮੁੱਖ ਮੰਤਰੀ ਅਤੇ ਪੀਐੱਲਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬੀ ਜੈਇੰਦਰ ਕੌਰ, ਸੀਨੀਅਰ ਆਗੂ ਕੇ. ਕੇ. ਸ਼ਰਮਾ, ਅਨਿਲ ਮੰਗਲਾ ਅਤੇ ਸੋਨੂੰ ਸੰਗਰ ਸਮੇਤ ਹੋਰਾਂ ਨੇ ਵੀ ਸਵਾਗਤ ਕੀਤਾ।