ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ,16 ਅਪਰੈਲ
ਪੰਜਾਬ ਸਰਕਾਰ ਦੀ ਏਜੰਸੀ ਪਨਗਰੇਨ ਦੇ ਅਧਿਕਾਰੀਆਂ ਵੱਲੋਂ ਖਰੀਦ ਤੋਂ ਬਾਅਦ ਫਸਲ ਭਰਵਾਉਣ, ਚੁਕਵਾਉਣ ਅਤੇ ਗੁਦਾਮਾਂ ਵਿੱਚ ਲਗਾਉਣ ਵੇਲੇ ਵੱਡੇ ਪੱਧਰ ਦੀਆਂ ਕੀਤੀਆਂ ਬੇਨਿਯਮੀਆਂ ਫੜੀਆਂ ਗਈਆਂ ਹਨ। ਅਧਿਕਾਰਤ ਅਧਿਕਾਰੀਆਂ ਅਤੇ ਡਰਾਈਵਰਾਂ ਦੇ ਦਸਤਖਤਾਂ ਤੋਂ ਬਿਨਾਂ ਟਰੱਕ ਭਰਵਾਉਣਾ, ਵਜ਼ਨ ਨਾ ਲਿਖਿਆ ਹੋਣਾ, ਗੁਦਾਮਾਂ ’ਚ ਜ਼ਰੂਰੀ ਇੰਦਰਾਜ਼ ਨਾ ਕਰਨਾ ਅਤੇ ਗੁਦਾਮ ਵਿੱਚ ਐਂਟਰੀ ਵੇਲੇ ਚੌਕੀਦਾਰ ਦੇ ਦਸਤਖ਼ਤ ਨਾ ਕਰਵਾਉਣਾ ਆਦਿ ਉਹ ਬੇਨਿਯਮੀਆਂ ਤੇ ਗਲਤੀਆਂ ਹਨ ਜੋ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫੜੀਆਂ ਹਨ ਅਤੇ ਜਿਨ੍ਹਾਂ ਕਾਰਨ ਲੱਖਾਂ ਕਰੋੜਾਂ ਰੁਪਏ ਦੇ ਘਪਲੇ ਹੋ ਸਕਦੇ ਹਨ। ਪਨਗਰੇਨ ਦੇ ਅਧਿਕਾਰੀਆਂ ’ਤੇ ਇਹ ਵੀ ਦੋਸ਼ ਲੱਗਦਾ ਹੈ ਕਿ ਉਨ੍ਹਾਂ ਨੇ ਬੋਰੀਆਂ ਦਾ ਵਜ਼ਨ ਚੈੱਕ ਕਰਨ ਲਈ ਕੰਡੇ ਵੀ ਮੁਹੱਈਆ ਨਹੀਂ ਕਰਵਾਏ। ਇਹ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਜੇ ਇੰਨ੍ਹਾਂ ਗਲਤੀਆਂ ਨੂੰ ਨਾ ਰੋਕਿਆ ਗਿਆ ਤਾਂ ਸਰਕਾਰੀ ਏਜੰਸੀ, ਆੜ੍ਹਤੀਆਂ ਅਤੇ ਖ਼ਰੀਦਦਾਰ ਵਪਾਰੀਆਂ ਨੂੰ ਭਾਰੀ ਚੂਨਾ ਲੱਗ ਸਕਦਾ ਹੈ।ਜਾਣਕਾਰੀ ਅਨੁਸਾਰ ਅਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਨੇ ਆਪਣੇ ਅਮਲੇ ਸਮੇਤ ਦਾਣਾ ਮੰਡੀ ਤੋਂ ਇਲਾਵਾ ਜਗੇੜਾ ਰੋਡ ਅਤੇ ਲੋਹਟਬੱਦੀ ਰੋਡ ਸਥਿਤ ਪਨਗਰੇਨ ਦੇ ਗੁਦਾਮਾਂ ਦਾ ਅਚਾਨਕ ਦੌਰਾ ਕੀਤਾ ਤਾਂ ਨਿਯਮਾਂ ਦੀ ਅਣਦੇਖੀ ਸਾਹਮਣੇ ਆਈ। ਪੁੱਛੇ ਜਾਣ ’ਤੇ ਐਸ ਡੀ ਐਮ ਪਾਂਥੇ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਦੇ ਮਸਲੇ ਦੀ ਵਿਸਥਾਰਤ ਰਿਪੋਰਟ ਡੀ ਸੀ ਸੰਗਰੂਰ ਰਾਮਵੀਰ ਸਿੰਘ ਨੂੰ ਭੇਜ ਦਿੱਤੀ ਹੈ।