ਨਿੱਜੀ ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 1 ਜਨਵਰੀ
ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵੱਲੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਸਰਪ੍ਰਸਤੀ ਹੇਠ ਲਗਾਏ ਜਾ ਰਹੇ ਸੱਤ ਰੋਜ਼ਾ ਕੈਂਪ ਸ਼ਖ਼ਸੀਅਤ ਉਸਾਰੀ ਕੈਂਪ ਪ੍ਰਿੰਸੀਪਲ ਨਵਰਾਜ ਕੌਰ ਦੀ ਅਗਵਾਈ ਅਤੇ ਪ੍ਰੋਗਰਾਮ ਅਫ਼ਸਰ ਪਰਮਿੰਦਰ ਕੁਮਾਰ ਲੌਂਗੋਵਾਲ ਦੀ ਦੇਖ-ਰੇਖ ਹੇਠ ਸਮਾਪਤ ਹੋ ਗਿਆ। ਕੈਂਪ ਦਾ ਆਖ਼ਰੀ ਦਿਨ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸਾਬਕਾ ਵਿਧਾਇਕ ਤੇ ਸਮਾਜ ਸੇਵੀ ਸੁਰਜੀਤ ਸਿੰਘ ਧੀਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬੂਟਾ ਸਿੰਘ, ਰਾਜੂ ਸਿੰਘ ਤੇ ਹਰਨੀਤ ਕੌਰ ਨੇ ਸਮੁੱਚੇ ਸੱਤ ਦਿਨਾਂ ਦੀ ਰਿਪੋਰਟ ਸਾਂਝੀ ਕੀਤੀ ਅਤੇ ਕੈਂਪ ਦੇ ਅਨੁਭਵਾਂ ਨੂੰ ਸਾਂਝਾ ਕੀਤਾ।
ਰਾਜੇਸ਼ ਕੁਮਾਰ ਨੇ ਕੈਂਪ ਦੌਰਾਨ ਵਲੰਟੀਅਰਾਂ ਵੱਲੋਂ ਅਨੁਸ਼ਾਸਨ ਵਿੱਚ ਰਹਿ ਕੇ ਕੀਤੇ ਕਾਰਜਾਂ ਅਤੇ ਸ਼ਖ਼ਸੀਅਤ ਉਸਾਰੀ ਲਈ ਕਰਵਾਈਆਂ ਗਈਆਂ ਗਤੀਵਿਧੀਆਂ ਨੂੰ ਸਾਹਮਣੇ ਲਿਆਂਦਾ। ਸਮਾਗਮ ਦੌਰਾਨ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ੍ਰੀਮਤੀ ਨਵਰਾਜ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ। ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਐੱਨਐੱਸਐੱਸ ਚੰਗੇ ਲੀਡਰ, ਚੰਗੇ ਬੁਲਾਰੇ ਤੇ ਚੰਗੇ ਸਮਾਜ ਸੇਵੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਵਾਲੰਟੀਅਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।