ਹਰਦੀਪ ਸਿੰਘ ਸੋਢੀ
ਧੂਰੀ, 11 ਅਗਸਤ
ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਇਸ ਕਾਰਨ ਕਈ ਵਾਰਡਾਂ ਵਿੱਚ ਨਾਲੀਆਂ ਦਾ ਪਾਣੀ ਸੜਕਾਂ ’ਤੇ ਆਉਣ ਨੂੰ ਤਿਆਰ ਹੈ। ਸ਼ਹਿਰ ਦੇ ਵਾਰਡ ਨੰਬਰ 4 ਤੇ 5 ਤੋਂ ਇਲਾਵਾ ਹੋਰ ਕਈ ਵਾਰਡ ਅਜਿਹੇ ਹਨ ਜਿੱਥੇ ਸੀਵਰੇਜ ਦੀ ਨਿਕਾਸੀ ਨੂੰ ਵਿਭਾਗ ਵੱਲੋਂ ਠੀਕ ਕਰਨ ’ਤੇ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਰਿਹਾ। ਇਸ ਬਾਰੇ ਵਿਭਾਗ ਦੇ ਐਸਡੀਓ ਲੋਕਾਂ ਤੇ ਪੱਤਰਕਾਰਾਂ ਦਾ ਫੋਨ ਵੀ ਚੁੱਕਣਾ ਠੀਕ ਨਹੀਂ ਸਮਝਦੇ। ਇਸ ਤੋਂ ਲੋਕਾਂ ਦਾ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਗੁੱਸਾ ਹੋਰ ਵਧਦਾ ਜਾ ਰਿਹਾ ਹੈ। ਲੋਕਾਂ ਨੇ ਸੀਵਰੇਜ ਦੀ ਸਮੱਸਿਆ ਹੱਲ ਨਾ ਹੋਣ ’ਤੇ ਸੜਕਾਂ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਸ ਮੌਕੇ ਲੋਕਾਂ ਨੇ ਕਿਹਾ ਕਿ ਜਦੋਂ ਉਹ ਸੀਵਰੇਜ ਵਿਭਾਗ ਨੂੰ ਪੂਰਾ ਟੈਕਸ ਅਦਾ ਕਰਦੇ ਹਨ ਤਾਂ ਉਨ੍ਹਾਂ ਨੂੰ ਚੰਗੇ ਤਰੀਕੇ ਨਾਲ ਸੀਵਰੇਜ ਦੀ ਸਹੂਲਤ ਕਿਉਂ ਨਹੀਂ ਦਿੱਤੀ ਜਾ ਰਹੀ। ਇਸ ਮੌਕੇ ਲੋਕਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਜੇ ਉਹ ਸੀਵਰੇਜ ਪ੍ਰਬੰਧਾਂ ਨੂੰ ਠੀਕ ਨਹੀਂ ਕਰ ਸਕਦੇ ਤਾਂ ਉਹ ਲੋਕਾਂ ਤੋਂ ਟੈਕਸ ਵਸੂਲੀ ਬੰਦ ਕੀਤੀ ਜਾਵੇ। ਲੋਕਾਂ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਟੌਲ ਫਰੀ ਨੰਬਰ ਉੱਪਰ ਸ਼ਿਕਾਇਤ ਨੂੰ ਦਰਜ ਕਰਵਾਉਣ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਸਮੱਸਿਆ ਦਾ ਪੱਕਾ ਹੱਲ ਨਾ ਹੋਇਆ ਤਾਂ ਉਹ ਸੀਵਰੇਜ ਦਾ ਟੈਕਸ ਨਹੀਂ ਦੇਣਗੇ।
ਇਸ ਸਬੰਧੀ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕੀਤੀ ਜਾਵੇਗੀ, ਸਮੱਸਿਆ ਨੂੰ ਜਲਦੀ ਹੱਲ ਕਰਵਾਇਆ ਜਾਵੇਗਾ।
ਇਸ ਸਬੰਧੀ ਐਸਡੀਐਮ ਧੂਰੀ ਨੇ ਵੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।