ਬੀਰਬਲ ਰਿਸ਼ੀ
ਸ਼ੇਰਪੁਰ, 2 ਨਵੰਬਰ
ਪਿੰਡ ਮਾਹਮਦਪੁਰ ਦੇ ਨਵੇਂ ਬਣੇ ਸਰਪੰਚ ਗੁਰਮੀਤ ਸਿੰਘ ਸੰਧੂ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਆਪਣੇ ਪੱਧਰ ’ਤੇ 21 ਹਜ਼ਾਰ ਰੁਪਏ ਸ਼ਗਨ ਸਕੀਮ ਦਿੱਤੇ ਜਾਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪਿੰਡ ਦੀ ਇੱਕ ਧੀ ਨੂੰ ਇਹ ਰਾਸ਼ੀ ਨਗਦ ਦੇ ਕੇ ਇਸ ਸਕੀਮ ਦਾ ਸ਼ੁਭ ਆਗਾਜ਼ ਕਰ ਦਿੱਤਾ ਹੈ। ਪਿੰਡ ਦੀ ਇੱਕ ਧੀ ਨੂੰ 21 ਹਜ਼ਾਰ ਰੁਪਏ ਸ਼ਗਨ ਸਕੀਮ ਦੇਣ ਮਗਰੋਂ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸਰਪੰਚ ਗੁਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਉਹ ਪਿੰਡ ਪੱਧਰ ’ਤੇ ਪੰਜ ਮੈਂਬਰੀ ਕਮੇਟੀ ਬਣਾਉਣ ਜਾ ਰਹੇ ਹਨ ਜੋ ਲੋੜਵੰਦ ਤੇ ਗਰੀਬ ਪਰਿਵਾਰਾਂ ਦੀ ਸ਼ਨਾਖ਼ਤ ਕਰਕੇ ਸਿਫਾਰਸ਼ ਕਰੇਗੀ ਅਤੇ ਉਸੇ ਆਧਾਰ ’ਤੇ ਇੱਕ ਸਾਲ ਵਿੱਚ ਅਤਿ ਗਰੀਬ ਪਰਿਵਾਰਾਂ ਦੇ 10 ਕੱਚੇ ਘਰਾਂ ਨੂੰ ਵੀ ਆਪਣੇ ਨਿੱਜੀ ਖਰਚੇ ’ਤੇ ਨਵੀਂ ਦਿੱਖ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਨਿਰਭੈ ਸਿੰਘ ਸਮਰਾ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਸਮੇਤ ਹੋਰ ਪੰਚ ਹਾਜ਼ਰ ਸਨ।