ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 26 ਸਤੰਬਰ
ਪੰਜਾਬ ਉਰਦੂ ਅਕੈਡਮੀ ਵੱਲੋਂ ‘ਸ਼ਾਮ-ਏ-ਗ਼ਜ਼ਲ ਤੇ ਕਵਾਲੀ’ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਡਾ. ਮੁਹੰਮਦ ਜ਼ਮੀਲ-ਉਰ-ਰਹਿਮਾਨ, ਵਿਧਾਇਕ ਮਾਲੇਰਕੋਟਲਾ ਤੇ ਵਾਈਸ ਚੇਅਰਮੈਨ, ਪੰਜਾਬ ਉਰਦੂ ਅਕੈਡਮੀ, ਮਾਲੇਰਕੋਟਲਾ ਮੁੱਖ ਮਹਿਮਾਨ ਅਤੇ ਗੁਰਲਵਲੀਨ ਸਿੰਘ ਸਿੱਧੂ, ਸਾਬਕਾ ਆਈ.ਏ.ਐਸ., ਪ੍ਰੋ. ਮੁਹੰਮਦ ਰਮਜ਼ਾਨ ਅਤੇ ਮੁਹੰਮਦ ਖ਼ਲੀਲ, ਡੀ.ਈ.ਓ. (ਐ.ਸਿੱ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਗ਼ਜ਼ਲਗੋ ਤੇ ਕੱਵਾਲ ਜਨਾਬ ਮੁਹੰਮਦ ਵਕੀਲ, ਸ਼ਾਹੀਨ ਸੂਫ਼ੀ ਮਿਊਜ਼ੀਕਲ ਗੁਰੱਪ, ਮਾਲੇਰਕੋਟਲਾ ਨੇ ਗ਼ਜ਼ਲਾਂ ਤੇ ਕੱਵਾਲੀਆ ਪੇਸ਼ ਕੀਤੀਆਂ। ਕੱਵਾਲ ਜਨਾਬ ਨੀਲੇ ਖ਼ਾਂ ਤੇ ਮੋਹਤਰਮਾ ਗੁਰਮੀਤ ਕੁਲਾਰ ਨੇ ਗ਼ਜ਼ਲਾਂ, ਕੱਵਾਲੀਆਂ ਤੇ ਟੱਪੇ ਪੇਸ਼ ਕੀਤੇ। ਇਨ੍ਹਾਂ ਸਾਰੇ ਹੀ ਗੁਲੂਕਾਰਾਂ ਨਾਲ ਜਨਾਬ ਮੋਹਿਤ ਨਾਮਦੇਵ ਨੇ ਆਪਣੀ ਵੰਝਲੀ ਵਜਾਈ।
ਮੁੱਖ ਮਹਿਮਾਨ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਨੇ ਕਿਹਾ ਕਿ ਉਰਦੂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਉਰਦੂ ਅਕੈਡਮੀ ਸ਼ਲਾਘਾਯੋਗ ਭੂਮਿਕਾ ਨਿਭਾ ਰਹੀ ਹੈ ਅਕੈਡਮੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਲਈ ਜਲਦੀ ਹੀ ਨਵਾਂ ਅਮਲਾ ਨਿਯੁਕਤ ਕੀਤਾ ਜਾਵੇਗਾ।
ਉਰਦੂ ਅਕੈਡਮੀ ਵੱਲੋਂ ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੇ ਗਏ ਉਰਦੂ ਸਿੱਖਿਆਂ ਕੇਂਦਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਕੇਂਦਰਾਂ ਵਿੱਚ ਤਾਂ ਉਰਦੂ ਸਿੱਖਣ ਵਾਲੇ ਵਿਦਿਆਰਥੀਆਂ ਦੀ ਸੰਖਿਆ ਪੰਜਾਹ ਤੋਂ ਵੀ ਵੱਧ ਹੋ ਚੁੱਕੀ ਹੈ ਜੋ ਲੋਕਾਂ ਵਿੱਚ ਉਰਦੂ ਭਾਸ਼ਾ ਤੇ ਸਾਹਿਤ ਪ੍ਰਤੀ ਪਿਆਰ ਤੇ ਮੋਹ ਦੀ ਮਿਸਾਲ ਵੀ ਹੈ। ਅਖ਼ੀਰ ਵਿੱਚ ਕਲਾਕਾਰਾਂ ਤੇ ਵੰਝਲੀ ਵਾਦਕ ਨੂੰ ਮੁੱਖ ਮਹਿਮਾਨ ਵੱਲੋਂ ਨਿੱਜੀ ਤੌਰ ’ਤੇ ਨਕਦ ਇਨਾਮ ਦੇ ਕੇ ਤੇ ਅਕੈਡਮੀ ਵੱਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਐੱਮ ਅਨਵਾਰ ਅੰਜੁਮ ਨੇ ਕੀਤਾ।